Daily Suraj

ਪੰਜਾਬੀ

ਮੋਦੀ ਅਤੇ ਟਰੰਪ ਨੇ ਮਹੱਤਵਪੂਰਨ ਮੁੱਦਿਆਂ 'ਤੇ ਕੀਤਾ ਚਰਚਾ

18 Jun, 2025 09:42 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲ ਕੀਤੀ ਹੈ, ਜੋ ਕੈਨੇਡਾ ਵਿਚ ਹੋਏ ਜੀ-7 ਸੰਮੇਲਨ ਨੂੰ ਅੱਧ ਵਿਚਕਾਰ ਛੱਡ ਕੇ ਅਮਰੀਕਾ ਪਰਤ ਗਏ ਸਨ। ਦੋਵਾਂ ਨੇ ਲਗਭਗ 35 ਮਿੰਟ ਗੱਲਬਾਤ ਕੀਤੀ। ਇਸ ਦੌਰਾਨ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਅਤੇ ‘ਆਪ੍ਰੇਸ਼ਨ ਸੰਧੂਰ’ ’ਤੇ ਚਰਚਾ ਹੋਈ। ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਕਦੇ ਵੀ ਵਿਚੋਲਗੀ ਸਵੀਕਾਰ ਨਹੀਂ ਕੀਤੀ ਅਤੇ ਨਾ ਹੀ ਹੁਣ ਇਸ ਨੂੰ ਸਵੀਕਾਰ ਕਰਦਾ ਹੈ ਅਤੇ ਨਾ ਹੀ ਉਹ ਕਦੇ ਅਜਿਹਾ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਜੀ-7 ਸੰਮੇਲਨ ਦੇ ਮੌਕੇ ’ਤੇ ਮਿਲਣ ਵਾਲੇ ਸਨ। ਰਾਸ਼ਟਰਪਤੀ ਟਰੰਪ ਨੂੰ ਜਲਦੀ ਅਮਰੀਕਾ ਵਾਪਸ ਜਾਣਾ ਪਿਆ, ਜਿਸ ਕਾਰਨ ਇਹ ਮੁਲਾਕਾਤ ਨਹੀਂ ਹੋ ਸਕੀ। ਇਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਦੀ ਬੇਨਤੀ ’ਤੇ ਅੱਜ ਦੋਵਾਂ ਨੇਤਾਵਾਂ ਨੇ ਫ਼ੋਨ ’ਤੇ ਗੱਲ ਕੀਤੀ। 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫ਼ੋਨ ’ਤੇ ਗੱਲ ਕੀਤੀ ਸੀ ਅਤੇ ਸੰਵੇਦਨਾ ਪ੍ਰਗਟ ਕੀਤੀ ਸੀ ਅਤੇ ਅੱਤਵਾਦ ਵਿਰੁੱਧ ਲੜਾਈ ਵਿਚ ਸਮਰਥਨ ਵੀ ਪ੍ਰਗਟ ਕੀਤਾ ਸੀ। ਇਸ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਉਹ ਗੱਲ ਕਰ ਰਹੇ ਸਨ। ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਕਿ ਕੀ ਉਹ ਕੈਨੇਡਾ ਤੋਂ ਵਾਪਸ ਆਉਂਦੇ ਸਮੇਂ ਅਮਰੀਕਾ ਵਿਚ ਰੁਕਣਗੇ। ਪਹਿਲਾਂ ਦੀਆਂ ਵਚਨਬੱਧਤਾਵਾਂ ਦੇ ਕਾਰਨ, ਪ੍ਰਧਾਨ ਮੰਤਰੀ ਮੋਦੀ ਨੇ ਅਜਿਹਾ ਕਰਨ ਵਿਚ ਆਪਣੀ ਅਸਮਰੱਥਾ ਜ਼ਾਹਰ ਕੀਤੀ। ਦੋਵਾਂ ਨੇਤਾਵਾਂ ਨੇ ਫੈਸਲਾ ਕੀਤਾ ਕਿ ਉਹ ਨੇੜਲੇ ਭਵਿੱਖ ਵਿਚ ਮਿਲਣ ਦੀ ਕੋਸ਼ਿਸ਼ ਕਰਨਗੇ। ਕਵਾਡ ਦੀ ਅਗਲੀ ਮੀਟਿੰਗ ਲਈ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਸੱਦਾ ਸਵੀਕਾਰ ਕਰਦੇ ਹੋਏ, ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਭਾਰਤ ਆਉਣ ਲਈ ਉਤਸ਼ਾਹਿਤ ਹਨ।

#ModiTrumpTalks #IndiaUSRelations #Diplomacy #BilateralTies #GlobalLeadership #Modi #Trump #ForeignPolicy #StrategicPartnership #InternationalAffairs

Posted By: Daily Suraj Bureau

Latest News