ਅਵਾਰਾ ਕੁੱਤਿਆਂ ਨੇ ਮਹਿਲਾ ‘ਤੇ ਹਮਲਾ ਕਰ ਕੇ ਕੀਤਾ ਬੁਰੀ ਤਰ੍ਹਾਂ ਜ਼ਖ਼ਮੀ
ਮਹਿਲਾ ਦੇ ਇਲਾਜ ਤੇ ਆਰਥਿਕ ਮਦਦ ਲਈ ਅੰਬੇਡਕਰ ਮਿਸ਼ਨ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ
ਅਵਾਰਾ ਕੁੱਤਿਆਂ ਦੀ ਬੇਕਾਬੂ ਆਬਾਦੀ ਨੇ ਲੋਕਾਂ ਦੀ ਨੀਂਦ ਉਡਾਈ : ਸ਼੍ਰੀ ਦਰਸ਼ਨ ਕਾਂਗੜਾ
ਸੰਗਰੂਰ, (ਜਗਸੀਰ ਸਿੰਘ) - ਬੀਤੇ ਦਿਨੀਂ ਸਥਾਨਕ ਸ਼ਹਿਰ ਦੀ ਸੁੰਦਰ ਬਸਤੀ ਦੀ ਵਸਨੀਕ ਦਲਿਤ ਮਹਿਲਾ ‘ਤੇ ਪ੍ਰੇਮ ਬਸਤੀ ਖੇਤਰ ਵਿੱਚ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਈ। ਜ਼ਖ਼ਮੀ ਮਹਿਲਾ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਇਸ ਸਬੰਧੀ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਵੱਲੋਂ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਹੁਲ ਚਾਬਾ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਪੀੜਤ ਮਹਿਲਾ ਦਾ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ, ਆਰਥਿਕ ਮਦਦ ਦੇਣ ਅਤੇ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸ ਨਾਲ ਆਮ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗਲੀਆਂ, ਬਜ਼ਾਰਾਂ, ਸਕੂਲਾਂ, ਬਨਾਸਰ ਬਾਗ, ਪਾਰਕਾਂ, ਹਸਪਤਾਲਾਂ ਅਤੇ ਰਿਹਾਇਸ਼ੀ ਇਲਾਕਿਆਂ ਦੇ ਆਸ-ਪਾਸ ਅਵਾਰਾ ਕੁੱਤਿਆਂ ਦੇ ਝੁੰਡ ਦਿਨ-ਰਾਤ ਘੁੰਮਦੇ ਰਹਿੰਦੇ ਹਨ, ਜੋ ਅਕਸਰ ਰਾਹਗੀਰਾਂ ‘ਤੇ ਅਚਾਨਕ ਹਮਲਾਵਰ ਹੋ ਜਾਂਦੇ ਹਨ।
ਸ਼੍ਰੀ ਕਾਂਗੜਾ ਨੇ ਕਿਹਾ ਕਿ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਕਾਰਨ ਸਵੇਰ-ਸ਼ਾਮ ਟਹਿਲਣ ਜਾਣ ਵਾਲੇ ਬਜ਼ੁਰਗਾਂ, ਸਕੂਲੀ ਬੱਚਿਆਂ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਅਵਾਰਾ ਕੁੱਤਿਆਂ ਵੱਲੋਂ ਕੱਟਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਨਾਲ ਜ਼ਖ਼ਮੀ ਲੋਕਾਂ ਨੂੰ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਪਿਆ।
ਕੌਮੀ ਪ੍ਰਧਾਨ ਨੇ ਦੱਸਿਆ ਕਿ ਡਾਕਟਰਾਂ ਮੁਤਾਬਕ ਸਮੇਂ ਸਿਰ ਟੀਕਾਕਰਨ ਨਾ ਹੋਣ ਦੀ ਸਥਿਤੀ ਵਿੱਚ ਅਜਿਹੀਆਂ ਘਟਨਾਵਾਂ ਜਾਨਲੇਵਾ ਵੀ ਸਾਬਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੀੜਤ ਦਲਿਤ ਮਹਿਲਾ ਅਨੀਤਾ ਪਤਨੀ ਮੱਖਣ ਸਿੰਘ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਹੈ, ਜੋ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ। ਅਵਾਰਾ ਕੁੱਤਿਆਂ ਵੱਲੋਂ ਬੁਰੀ ਤਰ੍ਹਾਂ ਨਾਲ ਕੱਟੇ ਜਾਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਹੈ। ਸ਼੍ਰੀ ਦਰਸ਼ਨ ਕਾਂਗੜਾ ਨੇ ਮੰਗ ਕੀਤੀ ਕਿ ਮਹਿਲਾ ਦਾ ਪ੍ਰਾਈਵੇਟ ਹਸਪਤਾਲ ਵਿੱਚ ਮੁਫ਼ਤ ਇਲਾਜ ਕਰਵਾਇਆ ਜਾਵੇ ਅਤੇ ਉਸ ਦੀ ਆਰਥਿਕ ਤੌਰ ‘ਤੇ ਮਦਦ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਨਗਰ ਕੌਂਸਲ ਸੰਗਰੂਰ ਵੱਲੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਵੱਲ ਕੋਈ ਗੰਭੀਰ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਅਵਾਰਾ ਕੁੱਤਿਆਂ ਦੇ ਝੁੰਡ ਸੜਕਾਂ ‘ਤੇ ਬੈਠ ਜਾਂਦੇ ਹਨ, ਜਿਸ ਨਾਲ ਦੁਰਘਟਨਾਵਾਂ ਦਾ ਖਤਰਾ ਵੀ ਕਾਫ਼ੀ ਵੱਧ ਗਿਆ ਹੈ। ਸ਼੍ਰੀ ਕਾਂਗੜਾ ਨੇ ਮੰਗ ਕੀਤੀ ਕਿ ਅਵਾਰਾ ਕੁੱਤਿਆਂ ਦੀ ਗਿਣਤੀ ‘ਤੇ ਕਾਬੂ ਪਾਉਣ ਲਈ ਨਸਬੰਦੀ, ਟੀਕਾਕਰਨ ਅਤੇ ਢੁਕਵੇਂ ਪੁਨਰਵਾਸ ਲਈ ਤੁਰੰਤ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਸਕੂਲਾਂ ਤੇ ਰਿਹਾਇਸ਼ੀ ਇਲਾਕਿਆਂ ਦੇ ਨੇੜੇ ਖਾਸ ਧਿਆਨ ਦਿੱਤਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਸ਼੍ਰੀ ਦਰਸ਼ਨ ਕਾਂਗੜਾ ਨੂੰ ਭਰੋਸਾ ਦਿਵਾਇਆ ਕਿ ਉਹ ਰੇਡ ਕਰਾਸ ਵੱਲੋਂ ਪੀੜਤ ਮਹਿਲਾ ਦੀ ਆਰਥਿਕ ਮਦਦ ਕਰਨ ਲਈ ਸਿਫਾਰਸ਼ ਕਰਨਗੇ ਇਸ ਮੌਕੇ ਸ਼੍ਰੀ ਰਵੀ ਚਾਵਲਾ ਪ੍ਰਧਾਨ ਭਗਵਾਨ ਵਾਲਮੀਕਿ ਰਾਮਾਇਣ ਭਵਨ ਸਰੋਵਰ ਆਸ਼ਰਮ ਸੰਗਰੂਰ, ਸ਼ਸ਼ੀ ਚਾਵਰੀਆ ਪ੍ਰਧਾਨ ਵਾਲਮੀਕਿ ਸਭਾ, ਐਡਵੋਕੇਟ ਮਹੇਸ਼ ਸਤੀਜਾ ਕਾਨੂੰਨੀ ਸਲਾਹਕਾਰ, ਰਾਣਾ ਬਾਲੂ, ਜਗਸੀਰ ਸਿੰਘ ਜੱਗਾ ਆਦਿ ਹਾਜ਼ਰ ਸਨ।
Posted By: Daily Suraj Bureau