Daily Suraj

ਪੰਜਾਬੀ

ਪ੍ਰਤਾਪ ਬਾਜਵਾ ਖਿਲਾਫ 'ਆਪ' ਦੇ ਹਜ਼ਾਰਾਂ ਵਲੰਟੀਅਰਾਂ ਵਲੋਂ ਜ਼ੋਰਦਾਰ ਪ੍ਰਦਰਸ਼ਨ

15 Apr, 2025 10:56 PM

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਅੱਜ ਮੋਹਾਲੀ ਵਿਚ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਭੜਕਾਊ ਬਿਆਨ ਦੀ ਨਿੰਦਾ ਕਰਦੇ ਹੋਏ ਇਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ। 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਡਾ. ਬਲਬੀਰ ਸਿੰਘ ਨਾਲ ਇਸ ਵਿਰੋਧ ਪ੍ਰਦਰਸ਼ਨ ਵਿਚ ਕਈ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਬਾਜਵਾ ਤੋਂ ਜਵਾਬਦੇਹੀ ਦੀ ਮੰਗ ਕੀਤੀ। 

ਇਕੱਠ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਬਾਜਵਾ 'ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿਚ 50 ਗ੍ਰਨੇਡਾਂ ਦੇ ਹੋਣ ਬਾਰੇ ਬਾਜਵਾ ਦੇ ਬੇਬੁਨਿਆਦ ਦਾਅਵੇ 'ਆਪ' ਸਰਕਾਰ ਅਧੀਨ ਬਹਾਲ ਹੋਈ ਸ਼ਾਂਤੀ ਨੂੰ ਭੰਗ ਕਰਨ ਅਤੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਹੈ। ਜੇਕਰ ਬਾਜਵਾ ਕੋਲ ਭਰੋਸੇਯੋਗ ਜਾਣਕਾਰੀ ਹੈ ਤਾਂ ਉਹ ਇਸ ਨੂੰ ਪੰਜਾਬ ਪੁਲਿਸ ਨਾਲ ਕਿਉਂ ਨਹੀਂ ਸਾਂਝਾ ਕਰ ਰਹੇ? ਉਹ ਸਿਰਫ਼ ਰਾਜਨੀਤਿਕ ਲਾਭ ਲਈ ਡਰ ਫੈਲਾ ਰਹੇ ਹਨ। 

'ਆਪ' ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਬਾਜਵਾ ਸਹਿਯੋਗ ਨਹੀਂ ਕਰਦੇ ਜਾਂ ਮੁਆਫ਼ੀ ਨਹੀਂ ਮੰਗਦੇ ਤਾਂ ਪਾਰਟੀ ਆਪਣੇ ਵਿਰੋਧ ਪ੍ਰਦਰਸ਼ਨਾਂ ਨੂੰ ਤੇਜ਼ ਕਰੇਗੀ ਅਤੇ ਉਨ੍ਹਾਂ ਦੀ ਰਿਹਾਇਸ਼ ਵੱਲ ਮਾਰਚ ਕਰੇਗੀ। ਅਮਨ ਅਰੋੜਾ ਨੇ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਦੀ ਰਾਖੀ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਸਾਰੇ ਰਾਜਨੀਤਿਕ ਆਗੂਆਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਕਾਫ਼ੀ ਦੁੱਖ ਝੱਲੇ ਹਨ। 

ਅਸੀਂ 'ਆਪ' ਦੇ ਸ਼ਾਸਨ ਅਧੀਨ ਕਿਸੇ ਨੂੰ ਵੀ ਸਖ਼ਤ ਮਿਹਨਤ ਨਾਲ ਪ੍ਰਾਪਤ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਪ੍ਰਦਰਸ਼ਨ ਦੌਰਾਨ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਕੁਲਵੰਤ ਸਿੰਘ, 'ਆਪ' ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ, ਚੇਅਰਮੈਨ ਹਰਚੰਦ ਸਿੰਘ ਬਰਸਟ, 'ਆਪ' ਆਗੂ ਰਣਜੋਤ ਹਡਾਨਾ, ਅਮਨਦੀਪ ਸਿੰਘ ਮੋਹੀ, ਨੀਲ ਗਰਗ, ਗੋਵਿੰਦਰ ਮਿੱਤਲ, ਵਿਨੀਤ ਵਰਮਾ, ਪਰਮਿੰਦਰ ਗੋਲਡੀ, ਪ੍ਰਭਜੋਤ ਕੌਰ, ਕਰਮਜੀਤ ਕੌਰ, ਵਿੱਕੀ ਘਨੌਰ ਅਤੇ ਸੈਂਕੜੇ 'ਆਪ' ਵਲੰਟੀਅਰ ਮੌਜੂਦ ਸਨ। 

#AAPProtest #PratapBajwa #ChandigarhNews #PoliticalProtest #PunjabPolitics #AamAadmiParty #CongressVsAAP #BreakingNews #DemocracyInAction #YouthVoices

Posted By: Daily Suraj Bureau

Latest News