ਕੈਨੇਡਾ 'ਚ ਪਰਵਾਸੀਆਂ ਦਾ ਵਿਸ਼ਾਲ ਪ੍ਰਦਰਸ਼ਨ: ਸੰਸਦ ਦੇ ਨਵੇਂ ਸੈਸ਼ਨ ਤੋਂ ਪਹਿਲਾਂ 11 ਸ਼ਹਿਰਾਂ 'ਚ ਗੂੰਜੇ 'ਸਭ ਨੂੰ PR ਦਿਓ, ਡਿਪੋਰਟੇਸ਼ਨ ਰੋਕੋ' ਦੇ ਨਾਅਰੇ
ਕੈਨੇਡਾ ਦੀ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਐਤਵਾਰ ਨੂੰ ਦੇਸ਼ ਭਰ ਦੇ ਕਈ ਵੱਡੇ ਸ਼ਹਿਰਾਂ ਵਿੱਚ ਹਜ਼ਾਰਾਂ ਪਰਵਾਸੀਆਂ, ਕੌਮਾਂਤਰੀ ਵਿਦਿਆਰਥੀਆਂ, ਸ਼ਰਨਾਰਥੀਆਂ ਅਤੇ ਗੈਰ-ਦਸਤਾਵੇਜ਼ੀ ਲੋਕਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਹੈ ਕਿ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਸਾਰੇ ਪਰਵਾਸੀਆਂ ਨੂੰ ਪੱਕੀ ਰਿਹਾਇਸ਼ (PR) ਦਿੱਤੀ ਜਾਵੇ ਅਤੇ ਕਿਸੇ ਵੀ ਵਿਅਕਤੀ ਦੀ ਡਿਪੋਰਟੇਸ਼ਨ ਤੁਰੰਤ ਰੋਕੀ ਜਾਵੇ। ਟੋਰਾਂਟੋ ਵਿੱਚ ਮਾਰਚ ਦੁਪਹਿਰ 2 ਵਜੇ ਕ੍ਰਿਸਟੀ ਪਿਟਸ ਪਾਰਕ ਤੋਂ ਸ਼ੁਰੂ ਹੋ ਕੇ ਡਫਰਿਨ ਗਰੋਵ ਪਾਰਕ ਤੱਕ ਕੱਢਿਆ ਗਿਆ। ਟੋਰਾਂਟੋ ਪੁਲੀਸ ਮੁਤਾਬਕ ਲਗਭਗ 600 ਲੋਕਾਂ ਨੇ ਇਸ ਮਾਰਚ ਵਿੱਚ ਹਿੱਸਾ ਲਿਆ। 'ਮਾਈਗ੍ਰੈਂਟ ਵਰਕਰਜ਼ ਅਲਾਇੰਸ ਫ਼ਾਰ ਚੇਂਜ' ਦੀ ਅਗਵਾਈ ਹੇਠ ਕੈਨੇਡਾ ਦੇ 11 ਵੱਖ-ਵੱਖ ਸ਼ਹਿਰਾਂ ਵਿੱਚ ਇਹ ਰੋਸ ਮਾਰਚ ਆਯੋਜਿਤ ਕੀਤੇ ਗਏ। ਜਥੇਬੰਦੀ ਦੀ ਆਗੂ ਸਰੋਮ ਰੋਹ ਨੇ ਦੱਸਿਆ ਕਿ ਇਸ ਵੇਲੇ ਲਗਭਗ 17 ਲੱਖ ਲੋਕ ਅਸਥਾਈ ਵਰਕ ਜਾਂ ਸਟੱਡੀ ਪਰਮਿਟਾਂ 'ਤੇ ਕੈਨੇਡਾ ਵਿੱਚ ਰਹਿ ਰਹੇ ਹਨ। ਇਹ ਲੋਕ ਖੇਤੀਬਾੜੀ, ਦੇਖਭਾਲ ਅਤੇ ਹੋਰ ਜ਼ਰੂਰੀ ਖੇਤਰਾਂ ਵਿੱਚ ਯੋਗਦਾਨ ਪਾ ਰਹੇ ਹਨ, ਪਰ ਆਪਣੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਦੇ ਮਾਹੌਲ 'ਚ ਜੀ ਰਹੇ ਹਨ। ਰੈਲੀ ਵਿੱਚ ਸ਼ਾਮਲ ਬਿਕਰਮਜੀਤ ਸਿੰਘ, ਜੋ 2019 ਵਿੱਚ ਭਾਰਤ ਤੋਂ ਕੌਮਾਂਤਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ, ਨੇ ਕਿਹਾ ਕਿ ਇਮੀਗ੍ਰੇਸ਼ਨ ਸਟੇਟਸ ਦੀ ਅਨਿਸ਼ਚਿਤਤਾ ਕਾਰਨ ਕਾਮਿਆਂ ਦਾ ਸ਼ੋਸ਼ਣ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਇਸ ਵੇਲੇ ਕਲੋਜ਼ਡ ਵਰਕ ਪਰਮਿਟ 'ਤੇ ਹੈ ਅਤੇ ਉਸ ਨੂੰ ਪੀਆਰ ਲਈ ਕੋਈ ਸਪਸ਼ਟ ਰਸਤਾ ਨਜ਼ਰ ਨਹੀਂ ਆ ਰਿਹਾ। ਇਸ ਤੋਂ ਇਲਾਵਾ, ਪ੍ਰਦਰਸ਼ਨਕਾਰੀਆਂ ਨੇ ਵਧ ਰਹੇ ਮਕਾਨ ਕਿਰਾਏ, ਮਹਿੰਗਾਈ ਅਤੇ ਕੰਮਕਾਜੀ ਅਸੁਰੱਖਿਆ ਵਰਗੇ ਗੰਭੀਰ ਮੁੱਦੇ ਵੀ ਚੁੱਕੇ। ਯੂਗਾਂਡਾ ਤੋਂ ਆਈ 'ਜੇਨ' ਨਾਂ ਦੀ ਗੈਰ-ਦਸਤਾਵੇਜ਼ੀ ਔਰਤ ਨੇ ਦੱਸਿਆ ਕਿ ਉਹ ਛੇ ਸਾਲਾਂ ਤੋਂ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੀ ਹੈ ਅਤੇ ਬਰਾਬਰ ਦੇ ਹੱਕਾਂ ਨਾਲ ਕੰਮ ਕਰਨ ਦਾ ਮੌਕਾ ਚਾਹੁੰਦੀ ਹੈ। ਇਹ ਵਿਰੋਧ ਪ੍ਰਦਰਸ਼ਨ ਅਜਿਹੇ ਸਮੇਂ ਹੋ ਰਹੇ ਹਨ ਜਦੋਂ ਫੈਡਰਲ ਸਰਕਾਰ ਅਸਥਾਈ ਵਸਨੀਕਾਂ ਦੀ ਗਿਣਤੀ ਘਟਾਉਣ ਅਤੇ ਇਮੀਗ੍ਰੇਸ਼ਨ ਨੂੰ ਦੇਸ਼ ਦੇ ਹਾਊਸਿੰਗ, ਜਨਤਕ ਸੇਵਾਵਾਂ ਅਤੇ ਲੇਬਰ ਮਾਰਕੀਟ ਨਾਲ ਜੋੜਨ 'ਤੇ ਜ਼ੋਰ ਦੇ ਰਹੀ ਹੈ। ਸਰਕਾਰ ਦੇ 2026-2028 ਇਮੀਗ੍ਰੇਸ਼ਨ ਲੈਵਲਜ਼ ਪਲਾਨ ਤਹਿਤ ਹਰ ਸਾਲ 380,000 ਨਵੇਂ ਪਰਮਾਨੈਂਟ ਰੈਜ਼ੀਡੈਂਟ ਦਾਖ਼ਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਨਾਲ ਹੀ, 2026 ਅਤੇ 2027 ਵਿੱਚ 33,000 ਤੱਕ ਅਸਥਾਈ ਕਾਮਿਆਂ ਨੂੰ ਪੀਆਰ ਵਿੱਚ ਤਬਦੀਲ ਕਰਨ ਦੀ ਯੋਜਨਾ ਵੀ ਐਲਾਨੀ ਗਈ ਹੈ। ਸਰਕਾਰ ਦੀਆਂ ਇਨ੍ਹਾਂ ਨੀਤੀਆਂ ਅਤੇ ਪ੍ਰਵਾਸੀ ਹੱਕਾਂ ਦੀਆਂ ਜਥੇਬੰਦੀਆਂ ਦੀਆਂ ਮੰਗਾਂ ਵਿਚਕਾਰ ਟਕਰਾਅ ਹੋਰ ਵਧਦਾ ਜਾਪਦਾ ਹੈ।
Posted By: Daily Suraj Bureau