ਹਥਿਆਰ ਬਰਾਮਦਗੀ ਦੌਰਾਨ ਪੁਲਿਸ ਨੂੰ ਝਕਾਨਾ ਦੇ ਕੇ ਭੱਜਿਆ ਮੁਲਜ਼ਮ ਕਰਨ, SSP ਵੱਲੋਂ ਵੱਡੀ ਕਾਰਵਾਈ
ਅੰਮ੍ਰਿਤਸਰ ਵਿੱਚ ਪੁਲਿਸ ਹਿਰਾਸਤ 'ਚੋਂ ਇੱਕ ਗੰਭੀਰ ਮਾਮਲੇ ਦਾ ਮੁਲਜ਼ਮ ਫਰਾਰ ਹੋਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਪੁਲਿਸ ਲਾਈਨਜ਼ ਵਿੱਚ ਤਾਇਨਾਤ ਏ.ਐਸ.ਆਈ. ਜਸਵੰਤ ਸਿੰਘ 'ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਕਰਨ ਨਾਮਕ ਨੌਜਵਾਨ ਪੁਲਿਸ ਨੂੰ ਝਕਾਨਾ ਦੇ ਕੇ ਭੱਜਣ ਵਿੱਚ ਸਫ਼ਲ ਹੋ ਗਿਆ। ਫਰਾਰ ਮੁਲਜ਼ਮ ਅੰਮ੍ਰਿਤਸਰ ਦੇ ਹੀ ਪਿੰਡ ਝੰਜੋਟੀ ਦਾ ਰਹਿਣ ਵਾਲਾ ਹੈ। ਹਥਿਆਰ ਬਰਾਮਦਗੀ ਦੌਰਾਨ ਵਾਪਰੀ ਘਟਨਾ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਰਾਜਾਸਾਂਸੀ ਦੀ ਪੁਲਿਸ ਟੀਮ ਦੋਸ਼ੀ ਕਰਨ ਵੱਲੋਂ ਦਿੱਤੀ ਗਈ ਨਿਸ਼ਾਨਦੇਹੀ 'ਤੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰਨ ਲਈ ਉਸ ਨੂੰ ਮਜੀਠਾ ਇਲਾਕੇ ਵਿੱਚ ਲੈ ਕੇ ਗਈ ਸੀ। ਇਸੇ ਦੌਰਾਨ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਐੱਸ.ਐੱਸ.ਪੀ. ਵੱਲੋਂ ਗੁਰਪ੍ਰੀਤ ਸਿੰਘ ਮੁਅੱਤਲ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵਿੱਚ ਭਾਜੜ ਮਚ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਤੁਰੰਤ ਕਾਰਵਾਈ ਕਰਦਿਆਂ ਰਾਜਾਸਾਂਸੀ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ, ਇਸ ਮਾਮਲੇ 'ਤੇ ਪੁਲਿਸ ਦੇ ਉੱਚ ਅਧਿਕਾਰੀ ਫਿਲਹਾਲ ਮੀਡੀਆ ਸਾਹਮਣੇ ਕੋਈ ਵੀ ਬਿਆਨ ਦੇਣ ਤੋਂ ਬਚ ਰਹੇ ਹਨ। 11 ਸਤੰਬਰ ਦੀ ਰਾਤ ਨੂੰ ਵਾਪਰੀ ਸੀ ਗੋਲੀਬਾਰੀ ਦੀ ਘਟਨਾ ਜ਼ਿਕਰਯੋਗ ਹੈ ਕਿ 11 ਸਤੰਬਰ ਦੀ ਰਾਤ ਨੂੰ ਏ.ਐਸ.ਆਈ. ਜਸਵੰਤ ਸਿੰਘ ਆਪਣੇ ਮੋਟਰਸਾਈਕਲ 'ਤੇ ਰਾਜਾਸਾਂਸੀ ਇਲਾਕੇ 'ਚੋਂ ਲੰਘ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਸਿਰ 'ਤੇ ਗੋਲੀ ਚਲਾ ਦਿੱਤੀ। ਗੋਲੀ ਏ.ਐਸ.ਆਈ. ਦੀ ਪੱਗ ਨੂੰ ਚੀਰਦੀ ਹੋਈ ਸਿਰ ਨੂੰ ਛੂਹ ਕੇ ਨਿਕਲ ਗਈ ਸੀ, ਜਿਸ ਨਾਲ ਉਨ੍ਹਾਂ ਦੀ ਜਾਨ ਬਚ ਗਈ। ਸੀਸੀਟੀਵੀ ਫੁਟੇਜ ਤੋਂ ਹੋਈ ਸੀ ਪਛਾਣ ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ, ਜਿਸ ਦੇ ਆਧਾਰ 'ਤੇ ਕਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਸੀ। ਪੁਲਿਸ ਵੱਲੋਂ ਉਸ ਦੇ ਦੂਜੇ ਫਰਾਰ ਸਾਥੀਆਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ, ਪਰ ਹੁਣ ਮੁੱਖ ਮੁਲਜ਼ਮ ਦੇ ਫਰਾਰ ਹੋਣ ਨਾਲ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
Posted By: Daily Suraj Bureau