ਨੇਪਾਲ ਸਰਕਾਰ ਦੇ ਫੈਸਲਿਆਂ ਨਾਲ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਉਛਾਲ
ਜੇਕਰ ਤੁਸੀਂ ਸਸਤੇ ਸੋਨੇ ਦੀ ਖੋਜ ਵਿੱਚ ਨੇਪਾਲ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ। ਕਈ ਸਾਲਾਂ ਤੱਕ ਭਾਰਤ ਨਾਲੋਂ ਘੱਟ ਕੀਮਤਾਂ ’ਤੇ ਸੋਨਾ ਅਤੇ ਹੋਰ ਸਾਮਾਨ ਮੁਹੱਈਆ ਕਰਵਾਉਣ ਵਾਲਾ ਨੇਪਾਲ ਹੁਣ ਮਹਿੰਗਾ ਹੋ ਗਿਆ ਹੈ। ਨਵੀਂ ਨੇਪਾਲ ਸਰਕਾਰ, ਜੋ ਬਲੇਂਦਰ ਸ਼ਾਹ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ, ਵੱਲੋਂ ਟੈਕਸਾਂ ਵਿੱਚ ਕੀਤੇ ਵੱਡੇ ਵਾਧੇ ਅਤੇ ਨਵੀਆਂ ਕਸਟਮ ਨੀਤੀਆਂ ਕਾਰਨ ਹੁਣ ਉੱਥੇ ਸੋਨਾ ਖਰੀਦਣਾ ਭਾਰਤ ਨਾਲੋਂ ਜ਼ਿਆਦਾ ਮਹਿੰਗਾ ਪੈ ਰਿਹਾ ਹੈ। ਨੇਪਾਲ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਭਾਰਤ ਤੋਂ ਆਉਣ ਵਾਲੇ 100 ਰੁਪਏ ਤੋਂ ਵੱਧ ਕੀਮਤ ਵਾਲੇ ਹਰ ਸਾਮਾਨ ’ਤੇ ਕਸਟਮ ਡਿਊਟੀ ਲਾਗੂ ਕੀਤੀ ਜਾਵੇਗੀ। ਇਸ ਕਦਮ ਨਾਲ ਸਰਹੱਦੀ ਖੇਤਰਾਂ ਵਿੱਚ ਚੱਲ ਰਹੇ ਟੈਕਸ-ਮੁਕਤ ਵਪਾਰ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਦਵਾਈਆਂ ਅਤੇ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ’ਤੇ ਵੀ ਟੈਕਸ ਲੱਗਣ ਲੱਗ ਪਿਆ ਹੈ, ਜਿਸ ਨਾਲ ਤਸਕਰੀ ਅਤੇ ਗੈਰ-ਕਾਨੂੰਨੀ ਵਪਾਰ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਨੇਪਾਲ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਖਾਸ ਵਾਧਾ ਦਰਜ ਕੀਤਾ ਗਿਆ ਹੈ। ਭਾਰਤੀ ਮੁਦਰਾ ਦੇ ਮੁਕਾਬਲੇ ਨੇਪਾਲੀ ਰੁਪਏ ਦੀ ਕੀਮਤ ਅਤੇ ਨਵੇਂ ਟੈਕਸਾਂ ਨੂੰ ਧਿਆਨ ਵਿੱਚ ਰੱਖਦਿਆਂ, ਭਾਰਤ ਵਿੱਚ ਸੋਨੇ ਦੀ ਕੀਮਤ ਲਗਭਗ ₹1,80,228 ਪ੍ਰਤੀ ਤੋਲਾ ਹੈ, ਜਦਕਿ ਨੇਪਾਲ ਵਿੱਚ ਇਹ ਦਰ ਕਰੀਬ ₹1,87,812 ਪ੍ਰਤੀ ਤੋਲਾ ਹੋ ਗਈ ਹੈ। ਇਸ ਤਰ੍ਹਾਂ ਨੇਪਾਲ ਵਿੱਚ ਸੋਨਾ ਲਗਭਗ ₹7,584 ਮਹਿੰਗਾ ਹੋ ਗਿਆ ਹੈ। ਨੇਪਾਲ ਗੋਲਡ ਐਂਡ ਸਿਲਵਰ ਡੀਲਰਜ਼ ਐਸੋਸੀਏਸ਼ਨ ਦੇ ਮੁਤਾਬਕ, 27 ਅਪ੍ਰੈਲ ਨੂੰ ਨੇਪਾਲ ਵਿੱਚ ਸੋਨੇ ਦੀ ਕੀਮਤ 1,300 ਰੁਪਏ ਦੇ ਵਾਧੇ ਨਾਲ 3,00,000 ਨੇਪਾਲੀ ਰੁਪਏ ਪ੍ਰਤੀ ਤੋਲਾ (11.66 ਗ੍ਰਾਮ) ਤੱਕ ਪਹੁੰਚ ਗਈ ਹੈ। ਸਿਰਫ਼ ਸੋਨਾ ਹੀ ਨਹੀਂ, ਸਗੋਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਨੇਪਾਲ ਵਿੱਚ ਚਾਂਦੀ ਦੀ ਕੀਮਤ 5,045 ਨੇਪਾਲੀ ਰੁਪਏ ਪ੍ਰਤੀ ਤੋਲਾ ਤੱਕ ਪਹੁੰਚ ਗਈ ਹੈ। ਸਰਹੱਦੀ ਵਪਾਰੀਆਂ ਦੇ ਅਨੁਸਾਰ ਪਹਿਲਾਂ ਲੋਕ ਅਤੇ ਸੈਲਾਨੀ ਸਸਤੇ ਸੋਨੇ-ਚਾਂਦੀ ਦੇ ਲਾਲਚ ਵਿੱਚ ਨੇਪਾਲ ਦਾ ਰੁਖ ਕਰਦੇ ਸਨ, ਪਰ ਹੁਣ ਭਾਰਤ ਵਿੱਚ ਖਰੀਦਦਾਰੀ ਕਰਨਾ ਹੋਰ ਵਧੀਆ ਅਤੇ ਸਸਤਾ ਵਿਕਲਪ ਬਣ ਗਿਆ ਹੈ। ਸਰਕਾਰ ਦੇ ਇਸ ਸਖ਼ਤ ਫੈਸਲੇ ਨੇ ਉਹਨਾਂ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਜੋ ਨੇਪਾਲ ਤੋਂ ਸਸਤਾ ਸਾਮਾਨ ਲਿਆ ਕੇ ਭਾਰਤ ਵਿੱਚ ਵੇਚਦੇ ਸਨ। ਹੁਣ ਸਰਹੱਦ ’ਤੇ ਨਿਗਰਾਨੀ ਵਧਾ ਦਿੱਤੀ ਗਈ ਹੈ ਅਤੇ ਬਿਨਾਂ ਟੈਕਸ ਸਾਮਾਨ ਲਿਆਂਦੇ ਜਾਣ ’ਤੇ ਭਾਰੀ ਜੁਰਮਾਨੇ ਲਗਾਏ ਜਾ ਰਹੇ ਹਨ।
Posted By: Daily Suraj Bureau