ਵੈਨੇਜ਼ੁਏਲਾ ਦੇ ਤੇਲ ’ਤੇ ਟਰੰਪ ਦਾ ਵੱਡਾ ਦਾਅਵਾ, ਪ੍ਰਤੀ ਬੈਰਲ 30–50 ਮਿਲੀਅਨ ਡਾਲਰ ਮਿਲਣਗੇ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੈਨੇਜ਼ੁਏਲਾ ਤੋਂ ਤੇਲ ਖਰੀਦਣ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਮੰਗਲਵਾਰ ਨੂੰ ਆਪਣੀ ਸੋਸ਼ਲ ਮੀਡੀਆ ਸਾਈਟ ‘ਟਰੁੱਥ ਸੋਸ਼ਲ’ ’ਤੇ ਪਾਈ ਪੋਸਟ ਵਿੱਚ ਟਰੰਪ ਨੇ ਆਖਿਆ ਕਿ ਅਮਰੀਕਾ ਵੈਨੇਜ਼ੁਏਲਾ ਤੋਂ ਮਾਰਕਿਟ ਕੀਮਤ ਉੱਤੇ ਪ੍ਰਤੀ ਬੈਰਲ 30 ਤੋਂ 50 ਮਿਲੀਅਨ ਡਾਲਰ ਦਾ ਤੇਲ ਖਰੀਦੇਗਾ। ਉਨ੍ਹਾਂ ਦੇ ਇਸ ਬਿਆਨ ਨਾਲ ਅੰਤਰਰਾਸ਼ਟਰੀ ਊਰਜਾ ਅਤੇ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ। ਟਰੰਪ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਉਨ੍ਹਾਂ ਵੱਲੋਂ ਐਨਰਜੀ ਸੈਕਟਰੀ ਕ੍ਰਿਸ ਰਾਈਟ ਨੂੰ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਸਪਸ਼ਟ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ। ਯੋਜਨਾ ਅਨੁਸਾਰ ਵੈਨੇਜ਼ੁਏਲਾ ਤੋਂ ਖਰੀਦਿਆ ਗਿਆ ਤੇਲ ਸਟੋਰੇਜ ਬੇੜਿਆਂ ਰਾਹੀਂ ਸਿੱਧਾ ਅਮਰੀਕਾ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵਜੋਂ ਪੈਸੇ ਦੇ ਨਿਯੰਤਰਣ ’ਤੇ ਉਨ੍ਹਾਂ ਦੀ ਸਿੱਧੀ ਨਿਗਰਾਨੀ ਰਹੇਗੀ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਰਕਮ ਦੀ ਵਰਤੋਂ ਵੈਨੇਜ਼ੁਏਲਾ ਅਤੇ ਅਮਰੀਕਾ ਦੋਵਾਂ ਦੇ ਲੋਕਾਂ ਦੀ ਭਲਾਈ ਲਈ ਕੀਤੀ ਜਾਵੇਗੀ। ਉਨ੍ਹਾਂ ਦੇ ਮੁਤਾਬਕ ਇਹ ਕਦਮ ਨਾ ਸਿਰਫ਼ ਊਰਜਾ ਖੇਤਰ ਨੂੰ ਮਜ਼ਬੂਤ ਕਰੇਗਾ, ਸਗੋਂ ਦੋਵਾਂ ਦੇਸ਼ਾਂ ਲਈ ਆਰਥਿਕ ਤੌਰ ’ਤੇ ਲਾਭਕਾਰੀ ਸਾਬਤ ਹੋਵੇਗਾ। ਇਸ ਦਰਮਿਆਨ ਮਿਲੀਆਂ ਰਿਪੋਰਟਾਂ ਮੁਤਾਬਕ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਫੜ੍ਹਨ ਲਈ ਅਮਰੀਕਾ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਵੈਨੇਜ਼ੁਏਲਾ ਦੇ 24 ਸੁਰੱਖਿਆ ਅਧਿਕਾਰੀ ਮਾਰੇ ਗਏ। ਵੈਨੇਜ਼ੁਏਲਾ ਦੇ ਅਟਾਰਨੀ ਜਨਰਲ ਤਾਰੇਕ ਵਿਲੀਅਮ ਸਾਬ ਨੇ ਦਾਅਵਾ ਕੀਤਾ ਕਿ ਦਰਜਨਾਂ ਸੁਰੱਖਿਆ ਅਧਿਕਾਰੀਆਂ ਦੇ ਨਾਲ-ਨਾਲ ਆਮ ਨਾਗਰਿਕ ਵੀ ਇਸ ਕਾਰਵਾਈ ਦੌਰਾਨ ਮਾਰੇ ਗਏ ਹਨ। ਉਨ੍ਹਾਂ ਇਸਨੂੰ ‘ਵਾਰ ਕ੍ਰਾਈਮ’ ਕਰਾਰ ਦਿੱਤਾ ਹੈ। ਵੈਨੇਜ਼ੁਏਲਾ ਦੇ ਅਧਿਕਾਰੀਆਂ ਦੇ ਦਾਵਿਆਂ ਤੋਂ ਇਲਾਵਾ ਕਿਊਬਾ ਦੀ ਸਰਕਾਰ ਵੱਲੋਂ ਵੀ ਵੱਖਰੇ ਤੌਰ ’ਤੇ ਇਹ ਪੁਸ਼ਟੀ ਕੀਤੀ ਗਈ ਹੈ ਕਿ ਵੈਨੇਜ਼ੁਏਲਾ ਵਿੱਚ ਤਾਇਨਾਤ 32 ਕਿਊਬਨ ਮਿਲਟਰੀ ਅਤੇ ਪੁਲਿਸ ਅਧਿਕਾਰੀ ਵੀ ਇਸ ਕਾਰਵਾਈ ਦੌਰਾਨ ਮਾਰੇ ਗਏ ਹਨ। ਇਸ ਘਟਨਾਕ੍ਰਮ ਤੋਂ ਬਾਅਦ ਅਮਰੀਕਾ-ਵੈਨੇਜ਼ੁਏਲਾ ਸੰਬੰਧਾਂ ਵਿੱਚ ਹੋਰ ਤਣਾਅ ਪੈਦਾ ਹੋਣ ਦੇ ਆਸਾਰ ਜਤਾਏ ਜਾ ਰਹੇ ਹਨ।
Posted By: Daily Suraj Bureau