Daily Suraj

ਪੰਜਾਬੀ

ਲੁਧਿਆਣਾ: ਗੋਲੀ ਲੱਗਣ ਨਾਲ ਪੁਲਿਸ ਕਾਂਸਟੇਬਲ ਦੀ ਮੌਤ

31 Jan, 2026 05:40 PM

ਮੁੱਲਾਂਪੁਰ ਵਿੱਚ ਇੱਕ ਪੁਲਿਸ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਕਾਂਸਟੇਬਲ ਦਾ ਨਾਮ ਅਨੋਜ ਮਸੀਹ (25) ਹੈ। ਅਨੋਜ ਦੀ ਗਰਦਨ ਦੇ ਕੋਲ ਗੋਲੀ ਲੱਗੀ ਹੈ। ਉਸਦੀ ਡਿਊਟੀ ਲਗਜ਼ਰੀ ਕਾਰਾਂ ਦੇ ਸ਼ੋਰੂਮ ਦੀ ਸੁਰੱਖਿਆ ਵਿੱਚ ਲੱਗੀ ਹੋਈ ਸੀ, ਕਿਉਂਕਿ RAC ਦੇ ਸ਼ੋਰੂਮ ਮਾਲਕ ਨੂੰ ਕੁਝ ਸਮਾਂ ਪਹਿਲਾਂ ਕਿਸੇ ਗੈਂਗਸਟਰ ਵੱਲੋਂ ਫਿਰੌਤੀ ਦੀ ਧਮਕੀ ਮਿਲੀ ਸੀ। ਮ੍ਰਿਤਕ ਅਨੋਜ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਲੱਖਾ ਕਲਾਂ ਦਾ ਰਹਿਣ ਵਾਲਾ ਸੀ।ਗੋਲੀ ਚੱਲਣ ਦੀ ਇਹ ਘਟਨਾ ਸਵੇਰੇ 5 ਵਜੇ ਵਾਪਰੀ। ਜਾਣਕਾਰੀ ਮੁਤਾਬਕ ਅੱਜ ਸਵੇਰੇ 5 ਵਜੇ ਅਨੋਜ ਮਸੀਹ ਆਪਣੇ ਸਾਥੀ ਸੁਰੱਖਿਆ ਕਰਮੀ ਦੇ ਨਾਲ ਸ਼ੋਰੂਮ ਕੰਪਲੈਕਸ ਵਿੱਚ ਡਿਊਟੀ ‘ਤੇ ਸੀ। ਦੋਵੇਂ ਕਾਰ ਵਿੱਚ ਬੈਠੇ ਹੋਏ ਸਨ। ਇਸੇ ਦੌਰਾਨ ਅਨੋਜ ਨੇ ਆਪਣੇ ਸਾਥੀ ਨੂੰ ਪਾਣੀ ਲੈਣ ਲਈ ਭੇਜਿਆ। ਕੁਝ ਦੇਰ ਬਾਅਦ ਹੀ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਸਾਥੀ ਵਾਪਸ ਪਰਤਿਆ ਤਾਂ ਅਨੋਜ ਮਸੀਹ ਖੂਨ ਨਾਲ ਲੱਥਪੱਥ ਕਾਰ ਦੀ ਸੀਟ ‘ਤੇ ਮੂਧੇ ਮੂੰਹ ਡਿੱਗਿਆ ਹੋਇਆ ਸੀ। ਘਟਨਾ ਦੀ ਸੂਚਨਾ ਤੁਰੰਤ ਥਾਣਾ ਦਾਖਾ ਅਤੇ ਪੁਲਿਸ ਹੈੱਡਕੁਆਰਟਰ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਦਾਖਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ। ਲਾਸ਼ ਦਾ ਪੋਸਟਮਾਰਟਮ ਅੱਜ ਸ਼ਨੀਵਾਰ ਨੂੰ ਕੀਤਾ ਜਾਵੇਗਾ, ਜਿਸ ਤੋਂ ਬਾਅਦ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ।

Posted By: Daily Suraj Bureau

Latest News