Daily Suraj

ਪੰਜਾਬੀ

ਕਿਸਾਨਾਂ ਉੱਪਰ ਪੁਲਿਸ ਲਾਠੀਚਾਰਜ ਅਤੇ ਅਥਰੂ ਗੈਸ ਦੇ ਗੋਲੇ ਸੁੱਟਣ ਦੀ ਸਖਤ ਨਿਖੇਧੀ

07 Feb, 2026 04:21 PM

ਸੰਗਰੂਰ (ਜਗਸੀਰ ਸਿੰਘ) - ਲੰਮੇ ਸਮੇਂ ਤੋਂ ਫ਼ਰਜ਼ੀ ਕੇਸਾਂ ਵਿੱਚ ਬੰਦ ਕੀਤੇ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈਕੇ ਬਠਿੰਡਾ ਵਿਖੇ ਦਿੱਤੇ ਜਾ ਰਹੇ ਧਰਨੇ ਤੇ ਰੋਸ ਪ੍ਰਗਟ ਕਰਨ ਜਾ ਰਹੇ ਕਿਸਾਨਾਂ ਤੇ ਪੁਲਿਸ ਵਲੋਂ ਕੀਤਾ ਗਿਆ, ਬੇਤਹਾਸ਼ਾ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਖਿਡਾਉਣ ਦੀ ਕਾਰਵਾਈ ਅਤਿ ਨਿੰਦਣਯੋਗ ਹੈ, ਅਤੇ ਇਹ ਨਿਆਂ ਦੀ ਮੰਗ ਦਾ ਗਲਾ ਘੁੱਟਣ ਦੇ ਸਮਾਨ ਹੈ।ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਸਰਕਾਰ ਦੇ ਇਸ ਜਾਬਰ ਰਵਈਏ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ, ਅਤੇ ਆਪਣੀਆਂ ਸਾਰੀਆਂ ਇਕਾਈਆਂ ਅਤੇ ਜਮਹੂਰੀਅਤ ਪਸੰਦ ਤਾਕਤਾਂ ਨੂੰ ਇਸ ਵਿਰੁੱਧ ਹਰ ਸੰਭਵ ਢੰਗ ਨਾਲ ਰੋਸ ਪਰਗਟ ਕਰਨ ਦਾ ਸੱਦਾ ਦਿੰਦੀ ਹੈ। ਇਸ ਵਾਰੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਜਗਜੀਤ ਭੂਟਾਲ ਅਤੇ ਜਰਨਲ ਸੱਕਤਰ ਕੁਲਦੀਪ ਸਿੰਘ, ਮੀਤ ਪ੍ਰਧਾਨ ਬਸ਼ੇਸ਼ਰ ਰਾਮ, ਪ੍ਰੈਸ ਸਕੱਤਰ ਜੁਝਾਰ ਲੌਂਗੋਵਾਲ, ਸੂਬਾ ਕਮੇਟੀ ਮੈਂਬਰ ਮਨਧੀਰ ਰਾਜੋਮਾਜਰਾ ਤੇ ਸਹਾਇਕ ਸੱਕਤਰ ਕੁਲਵਿੰਦਰ ਬੰਟੀ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡ ਚਾਉਕੇ ਵਿੱਚ ਸਕੂਲ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਨੂੰ ਲੈਕੇ ਚਲੇ ਸੰਘਰਸ਼ ਵਿਚ ਕੁਝ ਕਿਸਾਨ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ, ਅਤੇ ਨੇ ਹੀ ਉਹਨਾਂ ਉੱਤੇ ਦਰਜ ਕੇਸ ਨੂੰ ਅੱਗੇ ਤੋਰਿਆ ਜਾ ਰਿਹਾ ਹੈ, ਅਤੇ ਨੇ ਹੀ ਉਹਨਾਂ ਨੂੰ ਜਮਾਨਤ ਹੀ ਦਿੱਤੀ ਜਾ ਰਹੀ ਹੈ। ਸਰਕਾਰ ਦੀ ਇਹ ਨੀਤੀ ਸੰਘਰਸ਼ ਕਰਦੇ ਲੋਕਾਂ ਨੂੰ ਦਬਾਉਣਾ ਅਤੇ ਪਰੇਸ਼ਾਨ ਕਰਨ ਦੀ ਹੈ।ਜਿਸ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਅੱਜ ਡੀ ਸੀ ਬਠਿੰਡਾ ਦੇ ਦਫਤਰ ਮੂਹਰੇ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਦਾ ਐਲਾਨ ਕੀਤਾ ਸੀ। ਇਸ ਨੂੰ ਲੈਕੇ ਬੁਖਲਾਹਟ ਵਿੱਚ ਆਈ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਰਾਤ ਭਰ ਮਾਲਵੇ ਖੇਤਰ ਦੇ ਉੱਘੇ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਅਤੇ ਜਦੋਂ ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਧਰਨਾ ਸਥਲ ਵੱਲ ਆ ਰਹੇ ਸਨ, ਤਾਂ ਬੇਤਹਾਸ਼ਾ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਸਭਾ ਦੇ ਬੁਲਾਰਿਆਂ ਨੇ ਕਿਹਾ ਨਿਆਂ ਦੀ ਮੰਗ ਨੂੰ ਲੈਕੇ ਰੋਸ ਪਰਗਟ ਕਰਨ ਲੋਕਾਂ ਦਾ ਬੁਨਿਆਦੀ ਅਧਿਕਾਰ ਹੈ, ਸਰਕਾਰ ਨੇ ਪੁਲਿਸ ਦੀ ਅੰਨ੍ਹੀ ਵਰਤੋਂ ਕਰਕੇ ਨਾ ਸਿਰਫ ਉਹਨਾਂ ਦੇ ਇਸ ਅਧਿਕਾਰ ਨੂੰ ਕੁਚਲਿਆ ਹੈ,ਸਗੋਂ ਲੋਕਾਂ ਦੀ ਆਵਾਜ਼ ਤੇ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ। ਚਾਹੀਦਾ ਤਾਂ ਇਹ ਦੀ ਕਿ ਸਰਕਾਰ ਅਤੇ ਅਧਿਕਾਰੀ ਇਸ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਦੇ, ਪਰ ਹਕੂਮਤ ਵਲੋਂ ਵਰਤੀ ਅੰਨ੍ਹੀ ਤਾਕਤ ਨੇ ਮਸਲੇ ਨੂੰ ਹੋਰ ਪੇਚੀਦਾ ਬਣਾ ਦਿੱਤਾ ਹੈ। ਪੁਲਿਸ ਨੇ ਵੱਡੀ ਪੱਧਰ ਉਤੇ ਕਿਸਾਨਾਂ ਦੀਆਂ ਗਿਰਫਤਰੀਆਂ ਵੀ ਕੀਤੀਆਂ ਹਨ, ਜਿਹੜੇ ਵੱਖ ਵੱਖ ਥਾਣਿਆਂ ਵਿਚ ਬੰਦ ਕੀਤੇ ਗਏ ਹਨ।ਸਭਾ ਗ੍ਰਿਫਤਾਰ ਕਿਸਾਨਾਂ ਨੂੰ ਫੌਰੀ ਰਿਹਾ ਕਰਨ ਦੀ ਮੰਗ ਵੀ ਕਰਦੀ ਹੈ ਤੇ ਜਿੰਮੇਵਾਰ ਪ੍ਰਸ਼ਾਸਨਕ ਤੇ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰਦੀ ਹੈ। ਸਭਾ ਨੇ ਪੰਜਾਬ ਦੀਆਂ ਜਮਹੂਰੀ ਪਸੰਦ ਤਾਕਤਾਂ ਨੂੰ ਇਸ ਧੱਕੇਸ਼ਾਹੀ ਵਿਰੁੱਧ ਜੋਰਦਾਰ ਰੋਸ ਪ੍ਰਗਟ ਕਰਨ ਦਾ ਸੱਦਾ ਦਿੱਤਾ ਹੈ।

Posted By: Daily Suraj Bureau

Latest News