Daily Suraj

ਪੰਜਾਬੀ

ਕੋਟ ਭਾਈ ਰਜਵਾਹਾ ਦੋ ਥਾਵਾਂ ਤੋਂ ਟੁੱਟਿਆ, ਝੋਨੇ ਦੀਆਂ ਪਨੀਰੀਆਂ ਤਬਾਹ ਹੋਣ ਨਾਲ ਕਿਸਾਨ ਚਿੰਤਤ

12 Jun, 2026 08:08 AM

ਮਹਿਮਾ ਸਰਕਾਰੀ ਤੋਂ ਮਹਿਮਾ ਭਗਵਾਨਾ ਸੰਪਰਕ ਸੜਕ ਨੇੜੇ ਕੋਟ ਭਾਈ ਰਜਵਾਹੇ ਦੇ ਮੋਘਾ ਨੰਬਰ 71,000 ਰਾਈਟ ਕੋਲ ਬੀਤੀ ਰਾਤ ਕਰੀਬ 11 ਵਜੇ ਰਜਵਾਹਾ ਦੋਵਾਂ ਪਾਸਿਆਂ ਤੋਂ ਟੁੱਟ ਗਿਆ। ਇਸ ਘਟਨਾ ਕਾਰਨ ਦੋਵਾਂ ਥਾਵਾਂ 'ਤੇ ਲਗਭਗ 25-25 ਫੁੱਟ ਦਾ ਪਾੜ ਪੈ ਗਿਆ, ਜਿਸ ਨਾਲ ਵੱਡੀ ਮਾਤਰਾ ਵਿੱਚ ਪਾਣੀ ਆਲੇ-ਦੁਆਲੇ ਦੇ ਖੇਤਾਂ ਵਿੱਚ ਫੈਲ ਗਿਆ। ਮਿਲੀ ਜਾਣਕਾਰੀ ਅਨੁਸਾਰ ਕਰੀਬ 500 ਏਕੜ ਰਕਬਾ ਪਾਣੀ ਹੇਠ ਆ ਗਿਆ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਅਤੇ ਝੋਨੇ ਦੀਆਂ ਪਨੀਰੀਆਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੂਆ ਟੁੱਟਣ ਦੀ ਸੂਚਨਾ ਮਿਲਦੇ ਹੀ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਐਲਾਨ ਕਰਕੇ ਲੋਕਾਂ ਨੂੰ ਇਕੱਠਾ ਕੀਤਾ ਗਿਆ। ਇਸ ਤੋਂ ਬਾਅਦ ਪਿੰਡ ਦੇ ਲੋਕ ਅਤੇ ਕਿਸਾਨ ਸਾਰੀ ਰਾਤ ਆਪਣੇ ਪੱਧਰ 'ਤੇ ਪਾਣੀ ਦਾ ਵਹਾਅ ਰੋਕਣ ਲਈ ਜੱਦੋ-ਜਹਿਦ ਕਰਦੇ ਰਹੇ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਵਾਰ-ਵਾਰ ਫੋਨ ਰਾਹੀਂ ਸੂਚਿਤ ਕੀਤਾ ਗਿਆ, ਪਰ ਵਿਭਾਗ ਵੱਲੋਂ ਕੋਈ ਤੁਰੰਤ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਐਸਡੀਓ ਵੱਲੋਂ ਟੀਮ ਭੇਜਣ ਦਾ ਭਰੋਸਾ ਦਿੱਤਾ ਜਾਂਦਾ ਰਿਹਾ, ਪਰ ਖ਼ਬਰ ਲਿਖੇ ਜਾਣ ਤੱਕ ਨਹਿਰੀ ਮਹਿਕਮੇ ਦਾ ਕੋਈ ਜ਼ਿੰਮੇਵਾਰ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਿਆ। ਇਸ ਮਾਮਲੇ ਵਿੱਚ ਐਕਸੀਅਨ ਜਗਮੀਤ ਸਿੰਘ ਭਾਕਰ ਨੇ ਦਾਅਵਾ ਕੀਤਾ ਕਿ ਰਜਵਾਹੇ ਵਿੱਚ ਪਾਣੀ ਦਾ ਵਹਾਅ ਘਟਾ ਦਿੱਤਾ ਗਿਆ ਹੈ। ਹਾਲਾਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦਾ ਵਹਾਅ ਲਗਾਤਾਰ ਵਧਦਾ ਰਿਹਾ, ਜਿਸ ਕਾਰਨ ਖੇਤਾਂ ਵਿੱਚ ਪਾਣੀ ਫੈਲਦਾ ਗਿਆ। ਰਜਵਾਹਾ ਟੁੱਟਣ ਨਾਲ ਕਿਸਾਨ ਹਵਿੰਦਰ ਪਾਲ, ਰਾਜਾ ਸਿੰਘ, ਪਾਲਾ ਸਿੰਘ, ਸ਼ੇਰਾ ਸਿੰਘ, ਲੀਲੂ ਸਿੰਘ, ਹਰਪਾਲ ਸਿੰਘ, ਰੇਸ਼ਮ ਸਿੰਘ, ਗੁਰਜੀਤ ਸਿੰਘ, ਨਿੰਦਰ ਸ਼ਰਮਾ, ਮੇਸ਼ੀ ਸ਼ਰਮਾ ਅਤੇ ਹੋਰ ਕਿਸਾਨਾਂ ਦੀ ਕਰੀਬ 500 ਏਕੜ ਜ਼ਮੀਨ ਪਾਣੀ ਹੇਠ ਆ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਝੋਨੇ ਦੀਆਂ ਪਨੀਰੀਆਂ ਤਬਾਹ ਹੋ ਗਈਆਂ ਹਨ, ਜਿਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪੀੜਤ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਅੱਜ ਬਠਿੰਡਾ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਪੂਰੇ ਮਾਮਲੇ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਰਜਵਾਹੇ ਦਾ ਪਾੜ ਜਲਦੀ ਨਾ ਪੂਰਿਆ ਗਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

Posted By: Daily Suraj Bureau

Latest News