ਬ੍ਰਿਟੇਨ 'ਚ ਏਅਰ ਟਰੈਫਿਕ ਕੰਟਰੋਲ ਸਿਸਟਮ ਹੋਇਆ ਠੱਪ: 600 ਤੋਂ ਵੱਧ ਉਡਾਣਾਂ ਰੱਦ, ਹਜ਼ਾਰਾਂ ਯਾਤਰੀ ਖੱਜਲ-ਖੁਆਰ
ਬ੍ਰਿਟੇਨ ਦੇ ਏਅਰ ਟਰੈਫਿਕ ਕੰਟਰੋਲ ਸਿਸਟਮ ਵਿੱਚ ਮੰਗਲਵਾਰ ਨੂੰ ਅਚਾਨਕ ਆਈ ਇੱਕ ਵੱਡੀ ਤਕਨੀਕੀ ਖਰਾਬੀ ਕਾਰਨ ਦੇਸ਼ ਭਰ ਵਿੱਚ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਉਡਾਣਾਂ ਦੀ ਆਵਾਜਾਈ 'ਤੇ ਨਜ਼ਰ ਰੱਖਣ ਵਾਲੀ ਪ੍ਰਮੁੱਖ ਵੈੱਬਸਾਈਟ ਫਲਾਈਟਰੇਡਾਰ24 (Flightradar24) ਅਤੇ ਸਕਾਈ ਨਿਊਜ਼ ਦੀਆਂ ਰਿਪੋਰਟਾਂ ਅਨੁਸਾਰ, ਇਸ ਖਰਾਬੀ ਕਾਰਨ 600 ਤੋਂ ਵੱਧ ਉਡਾਣਾਂ ਨੂੰ ਰੱਦ ਕਰਨਾ ਪਿਆ, ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬ੍ਰਿਟੇਨ ਦੀ ਰਾਸ਼ਟਰੀ ਹਵਾਈ ਆਵਾਜਾਈ ਸੇਵਾ (National Air Traffic Services) ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੱਸਿਆ ਦਾ ਪਤਾ ਲੱਗਦਿਆਂ ਹੀ ਇੰਜੀਨੀਅਰਾਂ ਦੀ ਟੀਮ ਨੂੰ ਇਸ ਨੂੰ ਠੀਕ ਕਰਨ ਲਈ ਤੁਰੰਤ ਕੰਮ 'ਤੇ ਲਗਾਇਆ ਗਿਆ ਸੀ। ਅਧਿਕਾਰੀਆਂ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਤਕਨੀਕੀ ਖਰਾਬੀ ਨੂੰ ਸਫ਼ਲਤਾਪੂਰਵਕ ਦੂਰ ਕਰ ਦਿੱਤਾ ਗਿਆ ਹੈ ਅਤੇ ਹਵਾਈ ਸੇਵਾਵਾਂ ਨੂੰ ਹੌਲੀ-ਹੌਲੀ ਆਮ ਵਾਂਗ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਤਕਨੀਕੀ ਖਰਾਬੀ ਦਾ ਅਸਲ ਕਾਰਨ ਕੀ ਸੀ, ਇਸ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਵੱਡੀ ਸਮੱਸਿਆ ਦਾ ਸਿੱਧਾ ਅਸਰ ਦੁਨੀਆ ਦੀਆਂ ਪ੍ਰਮੁੱਖ ਹਵਾਈ ਕੰਪਨੀਆਂ ਦੀਆਂ ਉਡਾਣਾਂ ’ਤੇ ਪਿਆ। ਬ੍ਰਿਟਿਸ਼ ਏਅਰਵੇਜ਼, ਈਜ਼ੀਜੈੱਟ, ਕੇਐਲਐਮ (KLM) ਅਤੇ ਲੁਫਥਾਂਸਾ ਸਮੇਤ ਕਈ ਨਾਮੀ ਕੰਪਨੀਆਂ ਦੀਆਂ ਉਡਾਣਾਂ ਵਿੱਚ ਭਾਰੀ ਦੇਰੀ ਹੋਈ ਜਾਂ ਉਨ੍ਹਾਂ ਨੂੰ ਰੱਦ ਕਰਨਾ ਪਿਆ। ਈਜ਼ੀਜੈੱਟ ਨੇ ਦੱਸਿਆ ਕਿ ਉਸ ਦੀਆਂ ਬਹੁਤ ਸਾਰੀਆਂ ਉਡਾਣਾਂ ਪ੍ਰਭਾਵਿਤ ਹੋਣ ਕਾਰਨ ਪੂਰੇ ਯੂਰਪ ਦੇ ਵੱਖ-ਵੱਖ ਹਿੱਸਿਆਂ ਵਿੱਚ ਹਵਾਈ ਆਵਾਜਾਈ ਦਾ ਨਿਰਧਾਰਤ ਸ਼ਡਿਊਲ ਵਿਗੜ ਗਿਆ। ਇਸ ਖਰਾਬੀ ਦਾ ਅਸਰ ਲੰਡਨ ਦੇ ਪ੍ਰਮੁੱਖ ਹੀਥਰੋ, ਸਟੈਨਸਟੇਡ ਅਤੇ ਸਿਟੀ ਹਵਾਈ ਅੱਡਿਆਂ ਤੋਂ ਇਲਾਵਾ ਮੈਨਚੈਸਟਰ, ਬਰਮਿੰਘਮ ਅਤੇ ਸਕਾਟਲੈਂਡ ਦੇ ਕਈ ਹੋਰ ਹਵਾਈ ਅੱਡਿਆਂ ’ਤੇ ਵੀ ਦੇਖਣ ਨੂੰ ਮਿਲਿਆ। ਹੀਥਰੋ ਹਵਾਈ ਅੱਡੇ ਦੇ ਪ੍ਰਬੰਧਕਾਂ ਮੁਤਾਬਕ ਯੂਰਪੀ ਦੇਸ਼ਾਂ ਲਈ ਰਵਾਨਾ ਹੋਣ ਵਾਲੀਆਂ ਛੋਟੀ ਦੂਰੀ ਦੀਆਂ ਕਈ ਉਡਾਣਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਜਾਂ ਦੇਰੀ ਨਾਲ ਚੱਲੀਆਂ। ਹਵਾਈ ਅੱਡਾ ਅਧਿਕਾਰੀਆਂ ਨੇ ਯਾਤਰੀਆਂ ਨੂੰ ਹੋਈ ਇਸ ਅਚਾਨਕ ਖੱਜਲ-ਖੁਆਰੀ ਲਈ ਖੇਦ ਪ੍ਰਗਟ ਕਰਦਿਆਂ ਮੁਆਫ਼ੀ ਮੰਗੀ ਹੈ।
Posted By: Daily Suraj Bureau