ਵਰਕ ਆਰਡਰ ਜਾਰੀ ਹੋਣ 'ਤੇ ਵੀ ਨਿਗਮ ਵਲੋਂ ਸੜਕਾਂ ਬਣਾਉਣ ਦਾ ਕੰਮ ਨਹੀਂ ਕੀਤਾ ਜਾ ਰਿਹਾ ਸ਼ੁਰੂ
ਮੇਅਰ ਤੇ ਕਾਂਗਰਸ ਆਗੂਆਂ ਦਾ ਵਫ਼ਦ ਕਮਿਸ਼ਨਰ ਨੂੰ ਮਿਲਿਆ (ਇੰਦਰਜੀਤ)ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ 1 ਕਰੋੜ 94 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣ ਵਾਲੀਆਂ ਸੜਕਾਂ ਦੇ ਲਗਪਗ ਢਾਈ ਮਹੀਨੇ ਪਹਿਲੇ ਵਰਕ ਆਰਡਰ ਕੀਤੇ ਜਾਣ ਦੇ ਬਾਵਜੂਦ ਵੀ ਇਨ੍ਹਾਂ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਨਗਰ ਨਿਗਮ 'ਤੇ ਕਾਬਜ਼ ਕਾਂਗਰਸ ਨਾਲ ਸੰਬੰਧਿਤ ਮੇਅਰ ਕੁਲਵੰਤ ਕੌਰ ਤੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ ਦੀ ਅਗਵਾਈ 'ਚ ਕਾਂਗਰਸ ਆਗੂ ਤੇ ਕੋਂਸਲਰਾਂ ਦੇ ਇਕ ਵਫ਼ਦ ਨੇ ਨਗਰ ਨਿਗਮ ਦੀ ਕਮਿਸ਼ਨਰ ਨੂੰ ਇਕ ਯਾਦ ਪੱਤਰ ਦੇ ਕੇ ਮੰਗ ਕੀਤੀ ਕਿ ਜਿਹੜੀਆਂ ਸੜਕਾਂ ਦੇ ਵਰਕ ਆਰਡਰ 30 ਦਸੰਬਰ 2025 ਨੂੰ ਹੋ ਚੁੱਕੇ ਹਨ। ਉਹ ਸੜਕਾਂ ਬਣਾਉਣ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ। ਉਨ੍ਹਾਂ ਸ਼ਹਿਰ 'ਚ ਚੱਲ ਰਹੇ ਕੁੱਝ ਕਾਰਜਾਂ ਦਾ ਮਾਮਲਾ ਵੀ ਨਗਰ ਨਿਗਮ ਦੀ ਕਮਿਸ਼ਨਰ ਦੇ ਧਿਆਨ 'ਚ ਲਿਆਂਦਾ ਤੇ ਕਿਹਾ ਕਿ ਜਿਹੜੀਆਂ ਏਜੰਸੀਆਂ ਜਾਂ ਠੇਕੇਦਾਰ ਨੂੰ ਕੰਮ ਅਲਾਟ ਕੀਤਾ ਜਾਂਦਾ ਹੈ, ਉਨ੍ਹਾਂ ਵਲੋਂ ਸਮੇਂ ਸਿਰ ਕੰਮ ਪੂਰਾ ਨਹੀਂ ਕੀਤਾ ਜਾਂਦਾ ਤੇ ਕਈ ਠੇਕੇਦਾਰ ਕੰਮ ਅਧੂਰਾ ਛੱਡ ਜਾਂਦੇ ਹਨ। ਨਗਰ ਨਿਗਮ ਦੀ ਮੇਅਰ ਨੇ ਦੱਸਿਆ ਕਿ ਵਰਕ ਆਰਡਰ ਦੇ ਨਿਯਮਾਂ ਅਨੁਸਾਰ ਕੰਮ ਨਾ ਕੀਤੇ ਜਾਣ ਕਾਰਨ ਜਿੱਥੇ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ, ਉੱਥੇ ਨਗਰ ਨਿਗਮ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਵਫ਼ਦ ਨੇ ਕਮਿਸ਼ਨਰ ਨੂੰ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਠੇਕੇਦਾਰਾਂ ਨੇ ਸਮੇਂ ਸਿਰ ਕੰਮ ਮੁਕੰਮਲ ਨਹੀਂ ਕੀਤੇ ਜਾਂ ਸ਼ੁਰੂ ਨਹੀਂ ਕੀਤੇ, ਉਹ ਕੰਮ ਤੁਰੰਤ ਸ਼ੁਰੂ ਕਰਵਾਏ ਜਾਣ। ਕੌਂਸਲਰਾਂ ਦੇ ਵਫ਼ਦ ਨੇ ਸ਼ਹਿਰ 'ਚ ਵੱਡੀ ਗਿਣਤੀ ਵਿਚ ਬੰਦ ਪਈਆਂ ਸਟਰੀਟ ਲਾਈਟਾਂ ਦਾ ਮਾਮਲਾ ਵੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ। ਵਫ਼ਦ ਵਲੋਂ ਉਠਾਈਆਂ ਮੰਗਾਂ ਸੁਣਨ ਤੋਂ ਬਾਅਦ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਨੇ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤ ਕੀਤੀ ਕਿ ਜਿਹੜੇ ਕਾਰਜਾਂ ਦੇ ਵਰਕ ਆਰਡਰ ਹੋ ਚੁੱਕੇ ਹਨ, ਉਨ੍ਹਾਂ ਦੇ ਕੰਮ ਸ਼ੁਰੂ ਕਰਵਾਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਸੋਮਵਾਰ ਨਿਗਮ ਦੇ ਨਿਗਰਾਨ ਇੰਜੀਨੀਅਰ ਦੇ ਆਉਣ ਉਪਰੰਤ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ। ਕੌਂਸਲਰਾਂ ਦੇ ਵਫ਼ਦ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਗਲੇ ਦਿਨਾਂ 'ਚ ਵਰਕ ਆਰਡਰ ਮੁਤਾਬਿਕ ਸ਼ਹਿਰ ਵਿਚ ਕੰਮ ਸ਼ੁਰੂ ਨਾ ਹੋਏ ਤਾਂ ਉਹ ਨਗਰ ਨਿਗਮ ਦੇ ਦਫ਼ਤਰ ਮੂਹਰੇ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਬਲਜੀਤ ਕਾਲਾ, ਅਨਿਲ ਕਾਲਾ, ਸੰਦੀਪ ਸਿੰਘ, ਕੋਹਰ ਸਿੰਘ, ਪ੍ਰੇਮ ਅਟਵਾਲ, ਤਰਸੇਮ ਲਾਲ, ਕਨਵ ਪਾਸੀ, ਓਮਕਾਰ ਅਰੋੜਾ, ਦੇਸ਼ ਬੰਧੂ, ਜਗਦੀਸ਼ ਸਿੰਘ, ਸੰਦੀਪ ਸਹਿਗਲ ਆਦਿ ਹਾਜ਼ਰ ਸਨ। ਇਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਨਾਲ ਸੰਬੰਧਿਤ ਨਗਰ ਕੌਂਸਲਰਾਂ ਵਲੋਂ ਕਮਿਸ਼ਨਰ ਨੂੰ 3 ਵਾਰ ਯਾਦ ਪੱਤਰ ਦਿੱਤੇ ਜਾ ਚੁੱਕੇ ਹਨ, ਪਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।
Posted By: Daily Suraj Bureau