ਮੋਗਾ MC ‘ਚ ਬਦਲਾਅ: ਪ੍ਰਵੀਣ ਸ਼ਰਮਾ ਨੇ ਸੰਭਾਲਿਆ ਮੇਅਰ ਦਾ ਦਾਇਰਾ
ਪੂਰੀ ਇਮਾਨਦਾਰੀ, ਤਨਦੇਹੀ ਤੇ ਲਗਨ ਨਾਲ ਕਰਾਂਗਾ ਕੰਮ : ਨਵ ਨਿਯੁਕਤ ਮੇਅਰ ਪ੍ਰਵੀਣ ਸ਼ਰਮਾ
ਨਗਰ ਨਿਗਮ ਮੋਗਾ ਦੇ ਆਮ ਆਦਮੀ ਪਾਰਟੀ ਦੇ ਤਤਕਾਲੀਨ ਮੇਅਰ ਬਲਜੀਤ ਸਿੰਘ ਚੰਨੀ ਨੂੰ ਗਲਤ ਗਤੀਵਿਧੀਆਂ ਵਿੱਚ ਲਿਪਤ ਹੋਣ ਦੇ ਮੱਦੇਨਜ਼ਰ ਪਾਰਟੀ ਹਾਈਕਮਾਨ ਵੱਲੋਂ 27 ਨਵੰਬਰ ਨੂੰ ਮੇਅਰ ਦੇ ਅਹੁਦੇ ਤੋਂ ਸਸਪੈਂਡ ਕਰਕੇ ਉਹਨਾਂ ਦੀ ਪਾਰਟੀ ਦੀ ਪ੍ਰਾਰੰਭਿਕ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਮੇਅਰ ਦਾ ਅਹੁਦਾ ਖਾਲੀ ਚੱਲ ਰਿਹਾ ਸੀ। ਹਾਲਾਂਕਿ ਇਸ ਅਹੁਦੇ ‘ਤੇ ਕਾਬਜ਼ ਹੋਣ ਲਈ ਕਈ ਦਾਵੇਦਾਰ ਮੈਦਾਨ ‘ਚ ਸਨ। ਪਰ ਮੰਗਲਵਾਰ ਨੂੰ ਉਹ ਸਮਾਂ ਆ ਗਿਆ ਜਦੋਂ ਨਗਰ ਨਿਗਮ ਦੇ ਮੌਜੂਦਾ ਸੀਨੀਅਰ ਡਿਪਟੀ ਮੇਅਰ ਪ੍ਰਵੀਣ ਸ਼ਰਮਾ ਨੂੰ ਵਿਧਾਇਕ ਅਮਨਦੀਪ ਅਰੋੜਾ ਨੇ ਮੇਅਰ ਨਿਯੁਕਤ ਕਰਦੇ ਹੋਏ ਉਨ੍ਹਾਂ ਨੂੰ ਕੁਰਸੀ ‘ਤੇ ਬਿਠਾਇਆ। ਇਸ ਮੌਕੇ ‘ਤੇ ਵੱਡੀ ਗਿਣਤੀ ‘ਚ ਪਾਰਸ਼ਦ ਅਤੇ ਪਾਰਟੀ ਵਰਕਰ ਮੌਜੂਦ ਸਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਸੀਨੀਅਰ ਡਿਪਟੀ ਮੇਅਰ ਪ੍ਰਵੀਣ ਸ਼ਰਮਾ ਨੂੰ ਮੇਅਰ ਦਾ ਚਾਰਜ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਰਵਰੀ ਮਹੀਨੇ ਨਗਰ ਨਿਗਮ ਚੋਣਾਂ ਹਨ, ਜਿਸ ਕਰਕੇ ਉਨ੍ਹਾਂ ਨੂੰ ਉਮੀਦ ਹੈ ਕਿ ਸਾਰੇ ਪਾਰਸ਼ਦ ਤੇ ਮੇਅਰ ਪਾਰਟੀ ਦੀਆਂ ਉਮੀਦਾਂ ‘ਤੇ ਖਰੇ ਉਤਰਦੇ ਹੋਏ 24 ਘੰਟੇ ਜਨਤਾ ਲਈ ਹਾਜ਼ਰ ਰਹਿਣਗੇ।
ਉਧਰ ਨਗਰ ਨਿਗਮ ਮੋਗਾ ਦੇ ਨਵ ਨਿਯੁਕਤ ਮੇਅਰ ਪ੍ਰਵੀਣ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਲੀਡਰਸ਼ਿਪ ਅਤੇ ਵਿਧਾਇਕ ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚੱਲਦੇ ਹੋਏ ਪੂਰੀ ਇਮਾਨਦਾਰੀ, ਤਨਦੇਹੀ ਅਤੇ ਲਗਨ ਨਾਲ ਕੰਮ ਕਰਨਗੇ ਅਤੇ ਪਾਰਟੀ ਦਾ ਨਾਮ ਰੌਸ਼ਨ ਕਰਨਗੇ।
Posted By: Daily Suraj Bureau