ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਦਾ ਫਾਇਦਾ ਉਠਾਇਆ ਜਾਵੇ :-ਐਸਐਮਓ ਡਾ ਬੇਦੀ
ਫਤਿਹਗੜ੍ਹ ਸਾਹਿਬ ( ਮੁਖ਼ਤਿਆਰ ਸਿੰਘ )ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਵਿਸ਼ੇਸ਼ ਮੈਡੀਕਲ ਚੈੱਕਅਪ ਕੈਂਪ ਲਗਾ ਕੇ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ, ਸਿਹਤ ,ਖੁਰਾਕ ਤੇ ਜੱਚਾ ਬੱਚਾ ਸਾਂਭ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਸੀਨੀਅਰ ਮੈਡੀਕਲ ਅਫਸਰ ਡਾ ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਜ਼ਿਲਾ ਹਸਪਤਾਲ ਵਿਖੇ ਲਗਾਏ ਗਏ ਜਾਗਰੂਕਤਾ ਅਤੇ ਵਿਸ਼ੇਸ਼ ਮੈਡੀਕਲ ਚੈਕਅਪ ਕੈਂਪ ਦੌਰਾਨ ਗਰਭਵਤੀਆਂ ਨੂੰ ਸੰਬੋਧਨ ਕਰਦਿਆਂ ਐਸਐਮਓ ਡਾ ਜਸਪ੍ਰੀਤ ਸਿੰਘ ਬੇਦੀ ਨੇ ਕਿਹਾ ਕਿ ਸਰਕਾਰੀ ਸਿਹਤ ਕੇਂਦਰਾਂ ਵਿੱਚ ਆਪਣੇ ਇਲਾਜ ਲਈ ਆਉਣ ਵਾਲੀਆਂ ਗਰਭਵਤੀਆਂ ਦਾ ਵਿਭਾਗ ਵੱਲੋਂ ਇਸ ਦਿਨ ਵਿਸ਼ੇਸ਼ ਐਟੀਨੇਟਲ ਚੈਕਅੱਪ ਕੀਤਾ ਜਾਂਦਾ ਹੈ, ਤਾਂ ਜੋ ਹਾਈ ਰਿਸਕ ਪ੍ਰੈਗਨੈਂਸੀ ਦੀ ਜਲਦ ਤੋਂ ਜਲਦ ਪਛਾਣ ਹੋ ਸਕੇ ਅਤੇ ਸਮਾਂ ਰਹਿੰਦੇ ਹਾਈ ਰਿਸਕ ਪ੍ਰੈਗਨੈਂਸੀ ਦੇ ਜੋਖਿਮ ਨੂੰ ਘਟਾਇਆ ਜਾ ਸਕੇ, ਇਸ ਲਈ ਇਸ ਦਿਨ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ। ਇਸ ਮੌਕੇ ਤੇ ਔਰਤ ਰੋਗਾਂ ਦੇ ਮਾਹਰ ਡਾਕਟਰ ਨੀਰੂ ਸਿਆਲ ਅਤੇ ਡਾ ਦਨੀਸਾ ਨੇ ਗਰਭਵਤੀਆਂ ਨੂੰ ਸਰਕਾਰੀ ਹਸਪਤਾਲਾਂ ਵਿਚ ਮਿਲਦੀਆਂ ਸਹੂਲਤਾਂ ਦਾ ਫਾਇਦਾ ਲੈਣ ਲਈ ਪ੍ਰੇਰਿਤ ਕਰਦਿਆਂ ਆਪਣਾ ਜਣੇਪਾ ਸਰਕਾਰੀ ਸੰਸਥਾਂ ਵਿਚ ਕਰਵਾਉਣ ਲਈ ਉਤਸ਼ਾਹਿਤ ਕੀਤਾ। ਓਹਨਾ ਕਿਹਾ ਕਿ ਸਰਕਾਰੀ ਸੰਸਥਾਵਾਂ ਵਿਚ ਸਰਕਾਰ ਵੱਲੋਂ ਪ੍ਰੈਗਨੈਂਸੀ ਟੈਸਟ ਤੋਂ ਲੈਕੇ ਜਣੇਪੇ ਦੇ 42 ਦਿਨਾਂ ਤੱਕ ਸਾਰੀਆਂ ਸਹੂਲਤਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਵਿਭਾਗ ਦੀਆਂ ਹਦਾਇਤਾ ਅਨੁਸਾਰ ਗਰਭਵਤੀਆਂ ਦੇ ਦੋ ਅਲਟ੍ਰਾਸਾਂਊਡ ਵੀ ਮੁਫਤ ਕੀਤੇ ਜਾਂਦੇ ਹਨ ਅਤੇ ਸੰਸਥਾਗਤ ਜਣੇਪਾ ਕਰਵਾਉਣ ਤੇ ਜਨਨੀ ਸੁਰੱਖਿਆ ਯੋਜਨਾ ਤਹਿਤ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ ।ਇਸ ਮੌਕੇ ਤੇ ਔਰਤ ਰੋਗਾਂ ਦੇ ਮਾਹਰ ਡਾ ਨੀਰੂ ਸਿਆਲ, ਡਾ ਦਨੀਸਾ ,ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ , ਐਲਐਚਵੀ ਜਸਵਿੰਦਰ ਕੌਰ, ਜਰਨੈਲ ਕੌਰ, ਮਨਪ੍ਰੀਤ ਕੌਰ ਫਾਸਿਲਟੀ ਮੈਨੇਜਰ ਕੁਲਵਿੰਦਰ ਕੌਰ ,ਕੌਂਸਲਰ ਬਲਜੀਤ ਸਿੰਘ ਤੋਂ ਇਲਾਵਾ ਆਸ਼ਾ ਵਰਕਰਾਂ ਅਤੇ ਗਰਭਵਤੀ ਔਰਤਾਂ ਹਾਜ਼ਰ ਸਨ।
ਫੋਟੋ ਕੈਪਸ਼ਨ :- ਜਾਣਕਾਰੀ ਦਿੰਦੇ ਹੋਏ ਐਸਐਮਓ ਡਾ ਜਸਪ੍ਰੀਤ ਸਿੰਘ ਬੇਦੀ।
Posted By: Daily Suraj Bureau