ਟੈਕਸੀ ਯੂਨੀਅਨ ਨੇ ਐਂਟਰੀ ਟੈਕਸ ਨੂੰ ਕਿਹਾ ਆਮ ਲੋਕਾਂ ’ਤੇ ਵੱਡਾ ਬੋਝ
ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸੂਬੇ ਵਿੱਚ ਦਾਖਲੇ ’ਤੇ ਲਗਾਏ ਗਏ ਐਂਟਰੀ ਟੈਕਸ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਹੋ ਗਈ ਹੈ। ਅੱਜ ਇਥੇ ਟੈਕਸੀ ਚਾਲਕਾਂ ਦੀ ਮੀਟਿੰਗ ਦੌਰਾਨ ਹਿਮਾਚਲ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ। ਮੀਟਿੰਗ ਦੌਰਾਨ ਕੌਮੀ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਹੇਠ ਟੈਕਸੀ ਯੂਨੀਅਨ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਇਹ ਟੈਕਸ ਆਮ ਲੋਕਾਂ ਅਤੇ ਰੋਜ਼ੀ ਰੋਟੀ ਕਮਾਉਣ ਵਾਲੇ ਚਾਲਕਾਂ ’ਤੇ ਵੱਡਾ ਬੋਝ ਪਾਵੇਗਾ ਜਿਸ ਨੂੰ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਵੱਧ ਰਹੀਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਕਾਰਨ ਟੈਕਸੀ ਚਾਲਕਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ, ਹੁਣ ਐਂਟਰੀ ਟੈਕਸ ਲਗਾਉਣ ਨਾਲ ਉਨ੍ਹਾਂ ਦੀ ਮੁਸ਼ਕਲ ਵਧ ਗਈ ਹੈ। ਉਨ੍ਹਾਂ ਕਿਹਾ ਕਿ ਜੇ ਹਿਮਾਚਲ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਿਮਾਚਲ ਸਰਕਾਰ ਵੱਲੋਂ ਪਹਿਲੀ ਅਪਰੈਲ ਤੋਂ ਬਾਹਰੀ ਵਾਹਨਾਂ ਲਈ ਨਵੀਆਂ ਐਂਟਰੀ ਟੈਕਸ ਦਰਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ, ਚੇਅਰਮੈਨ ਕਪਲ ਦੇਵ ਬਾਵਾ, ਬਿੱਟੂ ਬਾਬਾ, ਬੋਬੀ ਬਾਵਾ, ਦਿਲਾਵਰ ਸਿੰਘ, ਸੁਰਜੀਤ ਸਿੰਘ, ਰਾਣਾ ਜਸਵੀਰ ਸਿੰਘ, ਸੋਨੂੰ ਬਾਵਾ ਹਾਜ਼ਰ ਸਨ।
Posted By: Daily Suraj Bureau