ਓਮਾਨ ਦੇ ਤੱਟ ਨੇੜੇ ਜਹਾਜ਼ 'ਤੇ ਡਰੋਨ ਹਮਲਾ: 9 ਭਾਰਤੀ ਸਮੁੰਦਰੀ ਕਰਮਚਾਰੀ ਬਚਾਏ, 2 ਹਾਲੇ ਵੀ ਲਾਪਤਾ
ਓਮਾਨ ਦੇ ਸੋਹਾਰ ਐਂਕਰੇਜ ਵਿਖੇ 11 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਾਲੇ ਤੇਲ ਟੈਂਕਰ ਜਹਾਜ਼ ‘ਐਮਟੀ ਪੈਟਰੋ ਡਾਲਫਿਨ’ (MT Petro Dolphin) ‘ਤੇ ਹੋਏ ਇੱਕ ਡਰੋਨ ਹਮਲੇ ਤੋਂ ਬਾਅਦ ਦੋ ਭਾਰਤੀ ਸਮੁੰਦਰੀ ਕਰਮਚਾਰੀ ਲਾਪਤਾ ਹੋ ਗਏ ਹਨ। ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਹਾਜ਼ 'ਤੇ ਸਵਾਰ 11 ਭਾਰਤੀਆਂ ਵਿੱਚੋਂ ਨੌਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਪੋਸਟ ਕਰਦਿਆਂ ਕਿਹਾ ਕਿ 11 ਅਕਤੂਬਰ ਨੂੰ 11 ਭਾਰਤੀ ਸਮੁੰਦਰੀ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਟੈਂਕਰ ‘ਐਮਟੀ ਪੈਟਰੋ ਡਾਲਫਿਨ’ ‘ਤੇ ਸੋਹਾਰ ਐਂਕਰੇਜ ਵਿਖੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਡੇ ਚਾਲਕ ਦਲ ਦੇ ਨੌਂ ਭਾਰਤੀ ਮੈਂਬਰਾਂ ਨੂੰ ਸਫਲਤਾਪੂਰਵਕ ਰੈਸਕਿਊ ਕਰ ਲਿਆ ਗਿਆ ਹੈ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ, ਜਦਕਿ ਦੋ ਭਾਰਤੀ ਨਾਗਰਿਕਾਂ ਦੀ ਭਾਲ ਹਾਲੇ ਵੀ ਜਾਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਥਾਨਕ ਤੱਟ ਰੱਖਿਅਕ ਬਲ (ਕੋਸਟ ਗਾਰਡ) ਵੱਲੋਂ ਤਲਾਸ਼ੀ ਅਤੇ ਬਚਾਅ ਅਭਿਆਨ ਪੂਰੀ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਭਾਰਤ ਸਰਕਾਰ ਬਚਾਅ ਕਾਰਜਾਂ ਵਿੱਚ ਪੂਰਾ ਸਹਿਯੋਗ ਦੇਣ ਅਤੇ ਲਾਪਤਾ ਕਰਮਚਾਰੀਆਂ ਨੂੰ ਸੁਰੱਖਿਅਤ ਲੱਭਣ ਲਈ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਬਣਾ ਕੇ ਹਰ ਸੰਭਵ ਯਤਨ ਯਕੀਨੀ ਬਣਾ ਰਹੀ ਹੈ।ਇਸ ਦੌਰਾਨ, ਮਸਕਟ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ ਉਹ ਨਿਕਾਰਾਗੁਆ ਦੇ ਝੰਡੇ ਵਾਲੇ ਇਸ ਟੈਂਕਰ ਨਾਲ ਸਬੰਧਤ ਪੂਰੀ ਸਥਿਤੀ 'ਤੇ ਗੰਭੀਰਤਾ ਨਾਲ ਨਜ਼ਰ ਰੱਖ ਰਿਹਾ ਹੈ। ਦੂਤਾਵਾਸ ਨੇ ‘ਐਕਸ’ ‘ਤੇ ਸਪੱਸ਼ਟ ਕੀਤਾ ਕਿ ਉਹ ਸਬੰਧਤ ਓਮਾਨੀ ਅਧਿਕਾਰੀਆਂ ਦੇ ਨਿਰੰਤਰ ਸੰਪਰਕ ਵਿੱਚ ਹਨ ਤਾਂ ਜੋ ਲਾਪਤਾ ਭਾਰਤੀ ਨਾਗਰਿਕਾਂ ਦੀ ਜਲਦ ਤੋਂ ਜਲਦ ਬਰਾਮਦਗੀ ਯਕੀਨੀ ਬਣਾਈ ਜਾ ਸਕੇ। ਜ਼ਿਕਰਯੋਗ ਹੈ ਕਿ ਓਮਾਨ ਦੇ ਤੱਟ ਨੇੜੇ ਭਾਰਤੀ ਚਾਲਕ ਦਲ ਵਾਲੇ ਜਹਾਜ਼ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਕੁਝ ਦਿਨ ਪਹਿਲਾਂ ਵੀ ਇੱਕ ਹੋਰ ਜਹਾਜ਼ ਨੂੰ ਅਜਿਹਾ ਹੀ ਨਿਸ਼ਾਨਾ ਬਣਾਇਆ ਗਿਆ ਸੀ।