ਸ਼ਹਿਰ ਵਿੱਚ ਟੀਨੇਜਰ ਨਾਲ ਲੁੱਟਪਾਟ, ਪੁਲਿਸ ਵੱਲੋਂ ਸ਼ੱਕੀਆਂ ਦੀ ਤਲਾਸ਼ ਜਾਰੀ
ਸਾਨਿਚ, ਬੀਸੀ—ਪਿਛਲੇ ਮਹੀਨੇ ਇੱਕ ਟੀਨੇਜਰ ਨੂੰ ਹਿੰਸਕ ਢੰਗ ਨਾਲ ਲੁੱਟਣ ਦੇ ਮਾਮਲੇ ਵਿੱਚ ਸਾਨਿਚ, ਬੀਸੀ ਪੁਲਿਸ ਵੱਲੋਂ ਮਸ਼ਕੂਕਾਂ ਦੀ ਪਛਾਣ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ ਵਾਰਦਾਤ 1 ਦਸੰਬਰ ਨੂੰ ਦੁਪਹਿਰ ਕਰੀਬ 3:20 ਵਜੇ ਵਾਪਰੀ।
ਜਾਣਕਾਰੀ ਮੁਤਾਬਕ, 14 ਸਾਲਾ ਲੜਕੇ ’ਤੇ ਇੱਕ ਬਾਲਗ ਵਿਅਕਤੀ ਨੇ ਪਿੱਛਿਓਂ ਹਮਲਾ ਕਰਦੇ ਹੋਏ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਸਿਰ ’ਤੇ ਕਈ ਵਾਰ ਮੁੱਕੇ ਮਾਰੇ। ਇਹ ਘਟਨਾ ਮੈਕੈਂਜ਼ੀ ਐਵਨਿਊ ਦੇ 1000 ਬਲਾਕ ਵਿੱਚ ਵਾਪਰੀ, ਜਿਸ ਦੀ ਪੁਸ਼ਟੀ ਗ੍ਰੇਟਰ ਵਿਕਟੋਰੀਆ ਕ੍ਰਾਈਮ ਸਟੌਪਰਜ਼ ਵੱਲੋਂ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਪੋਸਟ ਰਾਹੀਂ ਕੀਤੀ ਗਈ ਹੈ।
ਹਮਲੇ ਮਗਰੋਂ ਮਸ਼ਕੂਕ ਨੇ ਟੀਨੇਜਰ ਦਾ ਮੋਬਾਈਲ ਫ਼ੋਨ ਖੋਹ ਲਿਆ ਅਤੇ ਨੇੜੇ ਹੀ ਖੜ੍ਹੀ ਕਾਲੇ ਰੰਗ ਦੀ ਪੁਰਾਣੀ ਮਰਸਡੀਜ਼ ਕਾਰ ਵਿੱਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਦੱਸਿਆ ਗਿਆ ਹੈ ਕਿ ਕਾਰ ਵਿੱਚ ਇੱਕ ਮਹਿਲਾ ਪਹਿਲਾਂ ਹੀ ਉਡੀਕ ਕਰ ਰਹੀ ਸੀ।
ਪੁਲਿਸ ਵੱਲੋਂ ਜਾਰੀ ਕੀਤੇ ਹੂਲਿਏ ਅਨੁਸਾਰ, ਹਮਲਾ ਕਰਨ ਵਾਲਾ ਵਿਅਕਤੀ ਗੋਰਾ, ਲਗਭਗ 30 ਸਾਲ ਦੀ ਉਮਰ ਦਾ ਅਤੇ ਕਰੀਬ ਪੰਜ ਫੁੱਟ 10 ਇੰਚ ਲੰਮਾ ਸੀ। ਵਾਰਦਾਤ ਸਮੇਂ ਉਸ ਨੇ ਕਾਲੇ ਰੰਗ ਦੀ ਜੈਕੇਟ ਅਤੇ ਸਵੈੱਟਪੈਂਟਸ ਪਹਿਨੇ ਹੋਏ ਸਨ। ਕਾਰ ਵਿੱਚ ਮੌਜੂਦ ਮਹਿਲਾ ਨੇ ਵੀ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ।
ਸਾਨਿਚ ਪੁਲਿਸ ਅਤੇ ਗ੍ਰੇਟਰ ਵਿਕਟੋਰੀਆ ਕ੍ਰਾਈਮ ਸਟੌਪਰਜ਼ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।
Posted By: Daily Suraj Bureau