Daily Suraj

ਪੰਜਾਬੀ

ਕਤਲ ਮਾਮਲੇ ’ਚ ਗ੍ਰਿਫ਼ਤਾਰ 20 ਸਾਲਾ ਕੁੜੀ ਦੀ ਥਾਣੇ ਦੇ ਬਾਥਰੂਮ ’ਚ ਮੌਤ

10 Aug, 2026 08:41 AM

ਸਰਹੱਦੀ ਪਿੰਡ ਕਲਸੀਆਂ ਕਲਾਂ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ 20 ਸਾਲਾ ਰਾਜਬੀਰ ਕੌਰ ਦੀ ਥਾਣਾ ਭਿੱਖੀਵਿੰਡ ਦੇ ਬਾਥਰੂਮ ਵਿੱਚ ਮੌਤ ਹੋ ਗਈ। ਪੁਲੀਸ ਮੁਤਾਬਕ ਉਸ ਨੇ ਚੁੰਨੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ। ਘਟਨਾ ਤੋਂ ਬਾਅਦ ਮਾਮਲੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਕਲਸੀਆਂ ਕਲਾਂ ਵਿੱਚ ਕੁਝ ਵਿਅਕਤੀਆਂ ਵੱਲੋਂ ਚੋਰੀ ਦੇ ਸ਼ੱਕ ਨੂੰ ਲੈ ਕੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ 70 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਥਾਣਾ ਭਿੱਖੀਵਿੰਡ ਪੁਲੀਸ ਨੇ ਕੁੱਲ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਨ੍ਹਾਂ ਵਿੱਚ ਰਾਜਬੀਰ ਕੌਰ ਵੀ ਸ਼ਾਮਲ ਸੀ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਪਿਛਲੇ ਚਾਰ ਦਿਨਾਂ ਤੋਂ ਹਿਰਾਸਤ ਵਿੱਚ ਰੱਖਿਆ ਹੋਇਆ ਸੀ। ਪੁਲੀਸ ਅਨੁਸਾਰ ਐਤਵਾਰ ਸਵੇਰੇ ਰਾਜਬੀਰ ਕੌਰ ਨੇ ਡਿਊਟੀ ’ਤੇ ਮੌਜੂਦ ਮਹਿਲਾ ਕਾਂਸਟੇਬਲ ਤੋਂ ਬਾਥਰੂਮ ਜਾਣ ਦੀ ਇਜਾਜ਼ਤ ਮੰਗੀ। ਬਾਥਰੂਮ ਵਿੱਚ ਜਾਣ ਤੋਂ ਬਾਅਦ ਜਦੋਂ ਉਹ ਕਾਫ਼ੀ ਸਮੇਂ ਤੱਕ ਬਾਹਰ ਨਾ ਆਈ ਤਾਂ ਮਹਿਲਾ ਕਾਂਸਟੇਬਲ ਨੇ ਅੰਦਰ ਜਾ ਕੇ ਦੇਖਿਆ। ਪੁਲੀਸ ਮੁਤਾਬਕ ਰਾਜਬੀਰ ਕੌਰ ਨੇ ਚੁੰਨੀ ਨਾਲ ਫਾਹਾ ਲਿਆ ਹੋਇਆ ਸੀ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਸੁਰਸਿੰਘ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦੀ ਜਾਣਕਾਰੀ ਪੁਲੀਸ ਵੱਲੋਂ ਜ਼ਿਲ੍ਹਾ ਸੈਸ਼ਨ ਜੱਜ ਨੂੰ ਲਿਖਤੀ ਰੂਪ ਵਿੱਚ ਦਿੱਤੀ ਗਈ। ਇਸ ਤੋਂ ਬਾਅਦ ਜ਼ਿਲ੍ਹਾ ਸੈਸ਼ਨ ਜੱਜ ਨੇ ਮਾਮਲੇ ਦੀ ਮੈਜਿਸਟਰੇਟ ਜਾਂਚ ਲਈ ਜੇ.ਐੱਮ.ਆਈ.ਸੀ. ਪੱਟੀ ਸਿਮਰਜੀਤ ਸਿੰਘ ਨੂੰ ਨਿਰਦੇਸ਼ ਦਿੱਤੇ ਹਨ। ਜਾਂਚ ਦੌਰਾਨ ਘਟਨਾ ਨਾਲ ਜੁੜੇ ਤੱਥਾਂ ਦੀ ਪੜਤਾਲ ਕੀਤੀ ਜਾਵੇਗੀ। ਉਧਰ, ਰਾਜਬੀਰ ਕੌਰ ਦੇ ਪਰਿਵਾਰ ਨੇ ਪੁਲੀਸ ਦੀ ਕਾਰਵਾਈ ’ਤੇ ਗੰਭੀਰ ਸਵਾਲ ਚੁੱਕੇ ਹਨ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਲੜਕੀ ਨਾਲ ਕੁਝ ਗ਼ਲਤ ਹੋਇਆ ਹੈ ਅਤੇ ਉਹ ਖ਼ੁਦਕੁਸ਼ੀ ਵਰਗਾ ਕਦਮ ਨਹੀਂ ਚੁੱਕ ਸਕਦੀ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਥਾਣਾ ਭਿੱਖੀਵਿੰਡ ਦੇ ਅਧਿਕਾਰੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਬੀਰ ਕੌਰ ਨੇ ਬਾਥਰੂਮ ਜਾਣ ਦੀ ਗੱਲ ਕਹੀ ਸੀ ਅਤੇ ਪੁਲੀਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹ ਅਜਿਹਾ ਕਦਮ ਚੁੱਕ ਲਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਲੜਕੀ ਨੂੰ ਕਿਸੇ ਕਿਸਮ ਦਾ ਟਾਰਚਰ ਨਹੀਂ ਕੀਤਾ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਮੈਜਿਸਟਰੇਟ ਜਾਂਚ ਦੌਰਾਨ ਸਾਰੇ ਤੱਥ ਸਾਹਮਣੇ ਆਉਣ ਦੀ ਉਮੀਦ ਹੈ।

Posted By: Daily Suraj Bureau

Latest News