Daily Suraj

ਪੰਜਾਬੀ

ਰੈਗਿੰਗ ਤੇ ਜਿਨਸੀ ਸ਼ੋਸ਼ਣ ਮਾਮਲਾ: ਲੜਕੀ ਦੀ ਮੌਤ ਤੋਂ ਬਾਅਦ ਪੁਲਿਸ ਐਕਸ਼ਨ

02 Jan, 2026 01:47 PM

ਲੜਕੀ ਦੀ ਮੌਤ ਤੋਂ ਬਾਅਦ ਹੋਈ ਕਾਰਵਾਈ
ਧਰਮਸ਼ਾਲਾ ਦੇ ਸਰਕਾਰੀ ਡਿਗਰੀ ਕਾਲਜ ਦੀ 19 ਸਾਲਾ ਵਿਦਿਆਰਥਣ ਦੀ ਰੈਗਿੰਗ,ਜਿਨਸੀ ਸ਼ੋਸ਼ਣ ਅਤੇ ਮੌਤ ਦੇ ਦੋਸ਼ ਵਿੱਚ ਇੱਕ ਕਾਲਜ ਪ੍ਰੋਫੈਸਰ ਅਤੇ ਤਿੰਨ ਵਿਦਿਆਰਥਣਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਧਰਮਸ਼ਾਲਾ ਪੁਲੀਸ ਸਟੇਸ਼ਨ ਵਿੱਚ ਕਾਲਜ ਪ੍ਰੋਫੈਸਰ ਅਸ਼ੋਕ ਕੁਮਾਰ ਅਤੇ ਤਿੰਨ ਵਿਦਿਆਰਥਣਾਂ ਹਰਸ਼ਿਤਾ,ਆਕ੍ਰਿਤੀ ਅਤੇ ਕੋਮੋਲਿਕਾ ਵਿਰੁੱਧ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 75,115(2) ਅਤੇ 3(5) ਅਤੇ ਹਿਮਾਚਲ ਪ੍ਰਦੇਸ਼ ਵਿਦਿਅਕ ਸੰਸਥਾਵਾਂ (ਰੈਗਿੰਗ ਦੀ ਮਨਾਹੀ) ਐਕਟ,2009 ਦੀ ਧਾਰਾ 3 ਤਹਿਤ ਐੱਫ ਆਈ ਆਰ (FIR) ਦਰਜ ਕੀਤੀ ਗਈ ਹੈ।
ਪੀੜਤ ਲੜਕੀ ਦੇ ਪਿਤਾ ਵਿਕਰਮ ਕੁਮਾਰ,ਜੋ ਕਿ ਧਰਮਸ਼ਾਲਾ ਦੇ ਸਿੱਧਬਾੜੀ ਦੇ ਰਹਿਣ ਵਾਲੇ ਹਨ,ਨੇ ਸਥਾਨਕ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਬੇਟੀ ਪੱਲਵੀ (19) ਸਰਕਾਰੀ ਡਿਗਰੀ ਕਾਲਜ,ਧਰਮਸ਼ਾਲਾ ਦੀ ਦੂਜੇ ਸਾਲ ਦੀ ਵਿਦਿਆਰਥਣ ਸੀ। ਉਨ੍ਹਾਂ ਦੋਸ਼ ਲਾਇਆ ਕਿ 18 ਸਤੰਬਰ,2025 ਨੂੰ ਉਸੇ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਹਰਸ਼ਿਤਾ,ਆਕ੍ਰਿਤੀ ਅਤੇ ਕੋਮੋਲਿਕਾ ਨੇ ਉਸਦੀ ਬੇਟੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਡਰਾਇਆ-ਧਮਕਾਇਆ ਸੀ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਕਾਲਜ ਦੇ ਇੱਕ ਪ੍ਰੋਫੈਸਰ ਅਸ਼ੋਕ ਕੁਮਾਰ ਨੇ ਪੱਲਵੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ।

Posted By: Daily Suraj Bureau

Latest News