ਪੰਜਾਬ ਵਿੱਚ ਵੋਟਰ ਸੂਚੀ ਦੀ SIR ਦਾ ਪਹਿਲਾ ਰਾਊਂਡ ਪੂਰਾ, 20.66 ਲੱਖ ਨਾਮ ਡਰਾਫਟ ਸੂਚੀ ਤੋਂ ਬਾਹਰ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਕਰੀਬ ਪੰਜ ਮਹੀਨੇ ਪਹਿਲਾਂ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਪਹਿਲਾ ਰਾਊਂਡ ਪੂਰਾ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਅੱਜ, 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਜੂਨ 2026 ਦੀ ਵੋਟਰ ਸੂਚੀ ਵਿੱਚ ਦਰਜ 20.66 ਲੱਖ ਵੋਟਰਾਂ ਦੇ ਨਾਮ ਵੱਖ-ਵੱਖ ਕਾਰਨਾਂ ਕਰਕੇ ਡਰਾਫਟ ਸੂਚੀ ਵਿੱਚ ਸ਼ਾਮਲ ਨਹੀਂ ਕੀਤੇ ਜਾਣਗੇ। ਇਨ੍ਹਾਂ ਵਿੱਚੋਂ ਲਗਭਗ 9.5 ਲੱਖ ਵੋਟਰ ਪੱਕੇ ਤੌਰ ‘ਤੇ ਪੰਜਾਬ ਤੋਂ ਬਾਹਰ ਚਲੇ ਗਏ ਹਨ। ਇਸ ਤੋਂ ਇਲਾਵਾ ਕਰੀਬ 5.75 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਲਗਭਗ 1.20 ਲੱਖ ਨਾਮ ਡੁਪਲੀਕੇਟ ਪਾਏ ਗਏ ਹਨ। ਇਸੇ ਤਰ੍ਹਾਂ ਕਰੀਬ 4.12 ਲੱਖ ਵੋਟਰਾਂ ਦਾ ਪੰਜਾਬ ਵਿੱਚ ਕੋਈ ਪਤਾ ਨਹੀਂ ਲੱਗ ਸਕਿਆ। ਜੇਕਰ ਇਨ੍ਹਾਂ ਵਿੱਚੋਂ ਕਿਸੇ ਵੋਟਰ ਦਾ ਨਾਮ ਕਿਸੇ ਕਾਰਨ ਗਲਤੀ ਨਾਲ ਡਰਾਫਟ ਸੂਚੀ ਵਿੱਚੋਂ ਬਾਹਰ ਰਹਿ ਜਾਂਦਾ ਹੈ ਅਤੇ ਉਹ ਆਪਣਾ ਨਾਮ ਫਾਈਨਲ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣਾ ਚਾਹੁੰਦਾ ਹੈ ਤਾਂ ਡਰਾਫਟ ਸੂਚੀ ਜਾਰੀ ਹੋਣ ਤੋਂ ਬਾਅਦ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ERO) ਜਾਂ ਬੂਥ ਲੈਵਲ ਅਫਸਰ (BLO) ਕੋਲ ਦਾਅਵਾ ਜਾਂ ਇਤਰਾਜ਼ ਦਰਜ ਕਰਵਾਇਆ ਜਾ ਸਕਦਾ ਹੈ। ਚੋਣ ਪ੍ਰਕਿਰਿਆ ਦੌਰਾਨ ਉਨ੍ਹਾਂ ਵੋਟਰਾਂ ਲਈ ਵੀ ਨਿਰਧਾਰਤ ਪ੍ਰਕਿਰਿਆ ਨੂੰ ਸਮਝਣਾ ਜ਼ਰੂਰੀ ਹੈ, ਜਿਨ੍ਹਾਂ ਦੇ ਨਾਮ ਡਰਾਫਟ ਵੋਟਰ ਸੂਚੀ ਵਿੱਚ ਮੌਜੂਦ ਹਨ ਪਰ ਉਨ੍ਹਾਂ ਦਾ ਰਿਕਾਰਡ ਪਿਛਲੀ SIR ਦੀ ਵੋਟਰ ਸੂਚੀ ਨਾਲ ਮੈਪ ਨਹੀਂ ਹੋਇਆ। ਅਜਿਹੇ ਵੋਟਰਾਂ ਨੂੰ ਵੀ ਆਪਣੇ ਨਾਮ ਅਤੇ ਵੇਰਵਿਆਂ ਦੀ ਜਾਂਚ ਕਰਨੀ ਹੋਵੇਗੀ ਅਤੇ ਲੋੜੀਂਦੇ ਦਸਤਾਵੇਜ਼ਾਂ ਨਾਲ ਨਿਰਧਾਰਤ ਪ੍ਰਕਿਰਿਆ ਤਹਿਤ ਦਾਅਵਾ ਜਾਂ ਇਤਰਾਜ਼ ਦਰਜ ਕਰਵਾਉਣਾ ਹੋਵੇਗਾ, ਤਾਂ ਜੋ ਫਾਈਨਲ ਵੋਟਰ ਸੂਚੀ ਵਿੱਚ ਉਨ੍ਹਾਂ ਦਾ ਨਾਮ ਸਹੀ ਢੰਗ ਨਾਲ ਦਰਜ ਰਹੇ। ਚੋਣ ਪ੍ਰਕਿਰਿਆ ਨਾਲ ਜੁੜੇ ਇਸ ਅਹਿਮ ਪੜਾਅ ਦੇ ਮੱਦੇਨਜ਼ਰ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ਹਰ ਵੋਟਰ ਆਪਣਾ ਨਾਮ ਅਤੇ ਵੇਰਵੇ ਜ਼ਰੂਰ ਜਾਂਚੇ। ਜੇਕਰ ਨਾਮ ਮੌਜੂਦ ਨਾ ਹੋਵੇ ਜਾਂ ਰਿਕਾਰਡ ਵਿੱਚ ਕਿਸੇ ਤਰ੍ਹਾਂ ਦੀ ਗਲਤੀ ਹੋਵੇ ਤਾਂ ਸਮੇਂ ਸਿਰ ERO ਜਾਂ BLO ਕੋਲ ਦਾਅਵਾ ਜਾਂ ਇਤਰਾਜ਼ ਦਰਜ ਕਰਵਾਇਆ ਜਾ ਸਕਦਾ ਹੈ।
Posted By: Daily Suraj Bureau