ਸੀਐਲਯੂ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਦੀ ਵੱਡੀ ਕਾਰਵਾਈ
ਮੋਹਾਲੀ ਦੇ ਖਰੜ ਸਥਿਤ ਬਸਟੇਡ ਟਾਵਰ ਦੀ ਨੌਵੀਂ ਮੰਜ਼ਿਲ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੀਤੀ ਗਈ ਛਾਪੇਮਾਰੀ ਸ਼ੁੱਕਰਵਾਰ ਰਾਤ ਕਰੀਬ 12 ਵਜੇ ਖਤਮ ਹੋ ਗਈ। ਇਹ ਕਾਰਵਾਈ ਲਗਾਤਾਰ ਲਗਭਗ 40 ਘੰਟਿਆਂ ਤੱਕ ਚੱਲਦੀ ਰਹੀ। ਛਾਪੇਮਾਰੀ ਮੁਕੰਮਲ ਹੋਣ ਤੋਂ ਬਾਅਦ ਈਡੀ ਦੇ ਅਧਿਕਾਰੀਆਂ ਨੂੰ ਬੈਗਾਂ ਵਿੱਚ ਸਮਾਨ ਲੈ ਕੇ ਜਾਂਦੇ ਹੋਏ ਦੇਖਿਆ ਗਿਆ। ਹਾਲਾਂਕਿ ਆਈਟੀ ਕਾਰੋਬਾਰੀ Nitin Gohil ਉਨ੍ਹਾਂ ਨਾਲ ਮੌਜੂਦ ਨਹੀਂ ਸਨ, ਜਿਸ ਕਾਰਨ ਉਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ। ਇਸ ਮਾਮਲੇ ਵਿੱਚ ਈਡੀ ਵੱਲੋਂ ਵੀ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਨਾਲ ਹੀ ਟੀਮ ਵੱਲੋਂ ਜ਼ਬਤ ਕੀਤੀਆਂ ਗਈਆਂ ਵਸਤੂਆਂ ਦੇ ਵੇਰਵਿਆਂ ਬਾਰੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਧੋਖਾਧੜੀ ਰਾਹੀਂ ਜ਼ਮੀਨ ਦੀ ਵਰਤੋਂ ਵਿੱਚ ਬਦਲਾਅ (ਸੀਐਲਯੂ) ਹਾਸਲ ਕਰਨ, ਜ਼ਮੀਨ ਮਾਲਕਾਂ ਅਤੇ ਗਾਹਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਅਤੇ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਇਸੇ ਮਾਮਲੇ ਵਿੱਚ ਵੀਰਵਾਰ ਨੂੰ ਈਡੀ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ, ਜਿਸ ਵਿੱਚ 1 ਕਰੋੜ ਰੁਪਏ ਦੀ ਬਰਾਮਦਗੀ ਦਾ ਦਾਅਵਾ ਕੀਤਾ ਗਿਆ ਸੀ। ਪ੍ਰੈਸ ਨੋਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀ Aman Arora ਬਾਰੇ ਵੀ ਸਵਾਲ ਉੱਠਣ ਲੱਗੇ ਸਨ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਮਨੀ ਲਾਂਡਰਿੰਗ ਮਾਮਲੇ ਦੇ ਦੋਸ਼ੀ Gaurav Dhir ਮੰਤਰੀ ਅਮਨ ਅਰੋੜਾ ਦੇ ਕਰੀਬੀ ਹਨ। ਇਸ ਮਾਮਲੇ ਸਬੰਧੀ ਅਮਨ ਅਰੋੜਾ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ। ਉਨ੍ਹਾਂ ਗੌਰਵ ਧੀਰ ਨੂੰ ਆਪਣਾ ਦੋਸਤ ਦੱਸਿਆ, ਪਰ ਕਿਸੇ ਵੀ ਤਰ੍ਹਾਂ ਦੇ ਕਾਰੋਬਾਰੀ ਲੈਣ-ਦੇਣ ਤੋਂ ਇਨਕਾਰ ਕੀਤਾ।
Posted By: Daily Suraj Bureau