Punjab Bandh: ਵਾਲਮੀਕਿ ਭਾਈਚਾਰੇ ਦੇ ਸੱਦੇ ‘ਤੇ ਦੋਆਬੇ ਵਿੱਚ ਬੰਦ ਵਰਗਾ ਮਾਹੌਲ, ਦੁਕਾਨਾਂ ਤੇ ਸਕੂਲ ਰਹੇ ਬੰਦ
ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਸੋਮਵਾਰ ਨੂੰ ਦੋਆਬਾ ਖੇਤਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਸਮੇਤ ਕਈ ਇਲਾਕਿਆਂ ਵਿੱਚ ਬੰਦ ਵਰਗਾ ਮਾਹੌਲ ਬਣਿਆ ਰਿਹਾ। ਭਾਈਚਾਰੇ ਦੇ ਆਗੂਆਂ ਨੇ ਦੁਕਾਨਾਂ, ਵਪਾਰਕ ਅਦਾਰਿਆਂ ਅਤੇ ਵਿਦਿਅਕ ਸੰਸਥਾਵਾਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਸੀ, ਜਿਸ ਦਾ ਵੱਡੇ ਪੱਧਰ ‘ਤੇ ਅਸਰ ਨਜ਼ਰ ਆਇਆ। ਇਹ ਬੰਦ ਕੁਝ ਦਿਨ ਪਹਿਲਾਂ ਬਰਨਾਲਾ ਵਿੱਚ ਸਫ਼ਾਈ ਸੇਵਕਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕੀਤਾ ਗਿਆ। ਜਲੰਧਰ ਵਿੱਚ ਵਿਪਨ ਸਭਰਵਾਲ ਦੀ ਅਗਵਾਈ ਹੇਠ ਭਾਈਚਾਰਕ ਆਗੂਆਂ ਨੇ ਇਸ ਪੁਲੀਸ ਕਾਰਵਾਈ ਲਈ ਜ਼ਿੰਮੇਵਾਰ ਡੀਐੱਸਪੀ ਸਤਬੀਰ ਸਿੰਘ ਨੂੰ ਬਰਖ਼ਾਸਤ ਕਰਨ ਦੀ ਮੰਗ ਦੁਹਰਾਈ। ਜ਼ਿਕਰਯੋਗ ਹੈ ਕਿ ਡੀਐੱਸਪੀ ਸਤਬੀਰ ਸਿੰਘ ਨੂੰ ਪਹਿਲਾਂ ਹੀ ਮੁਅੱਤਲ (ਸਸਪੈਂਡ) ਕੀਤਾ ਜਾ ਚੁੱਕਾ ਹੈ। ਬੰਦ ਦੇ ਸੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਨਿੱਜੀ ਸਕੂਲਾਂ ਨੇ ਵੀ ਐਤਵਾਰ ਰਾਤ ਨੂੰ ਹੀ ਮਾਪਿਆਂ ਨੂੰ ਸੁਨੇਹੇ ਭੇਜ ਕੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਸਲਾਹ ਦਿੱਤੀ ਸੀ। ਕੈਮਬ੍ਰਿਜ ਇਨੋਵੇਟਿਵ ਸਕੂਲ, ਇਨੋਸੈਂਟ ਹਾਰਟਸ ਸਕੂਲ, ਡਿਪਸ (DIPS) ਸਕੂਲ ਅਤੇ ਐੱਮ.ਜੀ.ਐੱਨ. (MGN) ਸਕੂਲ ਸਮੇਤ ਜ਼ਿਆਦਾਤਰ ਨਿੱਜੀ ਵਿਦਿਅਕ ਅਦਾਰਿਆਂ ਨੇ ਸੋਮਵਾਰ ਲਈ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ। ਦੋਆਬਾ ਖੇਤਰ ਦੇ ਜ਼ਿਲ੍ਹਿਆਂ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਵਿੱਚ ਵਾਲਮੀਕਿ ਭਾਈਚਾਰੇ ਦੀ ਵੱਡੀ ਆਬਾਦੀ ਹੋਣ ਕਾਰਨ ਬੰਦ ਦਾ ਸਭ ਤੋਂ ਵੱਧ ਪ੍ਰਭਾਵ ਇਨ੍ਹਾਂ ਇਲਾਕਿਆਂ ਵਿੱਚ ਹੀ ਦੇਖਣ ਨੂੰ ਮਿਲਿਆ। ਕਈ ਬਾਜ਼ਾਰਾਂ ਅਤੇ ਵਪਾਰਕ ਕੇਂਦਰਾਂ ਵਿੱਚ ਆਮ ਦਿਨਾਂ ਦੇ ਮੁਕਾਬਲੇ ਘੱਟ ਚਲਹ-ਪਹਿਲ ਰਹੀ। ਸਥਿਤੀ ਨੂੰ ਦੇਖਦਿਆਂ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੰਵੇਦਨਸ਼ੀਲ ਇਲਾਕਿਆਂ ਵਿੱਚ ਵਾਧੂ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਹਾਈ ਅਲਰਟ ‘ਤੇ ਹੈ ਤਾਂ ਜੋ ਕਾਨੂੰਨ-ਵਿਵਸਥਾ ਬਣਾਈ ਰੱਖੀ ਜਾ ਸਕੇ।
Posted By: Daily Suraj Bureau