ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ, ਪਰ ਮੰਡੀਆਂ ’ਚ ਭਿੱਜੀ ਕਣਕ ਨੇ ਕਿਸਾਨਾਂ ਨੂੰ ਚਿੰਤਤ ਕੀਤਾ
ਪੰਜਾਬ ਵਿੱਚ ਲੰਘੀ ਰਾਤ ਮੌਸਮ ਨੇ ਅਚਾਨਕ ਕਰਵਟ ਬਦਲੀ, ਜਿਸ ਨਾਲ ਕਈ ਇਲਾਕਿਆਂ ਵਿੱਚ ਤੇਜ਼ ਹਨੇਰੀ ਦੇ ਨਾਲ ਭਾਰੀ ਮੀਂਹ ਦਰਜ ਕੀਤਾ ਗਿਆ। ਮੌਸਮ ਵਿੱਚ ਇਹ ਤਬਦੀਲੀ ਪੱਛਮੀ ਵਿਗਾੜ ਦੇ ਪ੍ਰਭਾਵ ਕਾਰਨ ਆਈ ਦੱਸੀ ਜਾ ਰਹੀ ਹੈ। ਲਹਿੰਦੇ ਪੰਜਾਬ ਵੱਲੋਂ ਬਣੇ ਕਾਲੇ ਬੱਦਲ ਚੜਦੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਪਹੁੰਚੇ, ਜਿਸ ਤੋਂ ਬਾਅਦ ਮੀਂਹ ਦੀ ਸ਼ੁਰੂਆਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰਾਤ ਕਰੀਬ 11 ਤੋਂ 12 ਵਜੇ ਦੇ ਵਿਚਕਾਰ ਮੌਸਮ ਅਚਾਨਕ ਬਦਲਿਆ। ਪਹਿਲਾਂ ਤੇਜ਼ ਰਫਤਾਰ ਨਾਲ ਹਨੇਰੀ ਚੱਲੀ ਅਤੇ ਉਸ ਤੋਂ ਬਾਅਦ ਮੀਂਹ ਪਿਆ। ਇਸ ਦੌਰਾਨ ਹਵਾਵਾਂ ਦੀ ਰਫਤਾਰ ਲਗਭਗ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਇਸ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਉੱਥੇ ਹੀ ਕਿਸਾਨਾਂ ਲਈ ਇਹ ਚਿੰਤਾ ਦਾ ਕਾਰਨ ਬਣ ਗਿਆ ਹੈ। ਖ਼ਾਸ ਤੌਰ ’ਤੇ ਮੰਡੀਆਂ ਵਿੱਚ ਪਈ ਕਣਕ ਦੀ ਫਸਲ ਦੇ ਭਿੱਜਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਕਿਸਾਨਾਂ ਦੇ ਨੁਕਸਾਨ ਦਾ ਖ਼ਤਰਾ ਵਧ ਗਿਆ ਹੈ। ਦੂਜੇ ਪਾਸੇ ਨਰਮਾ ਪੱਟੀ ਦੇ ਇਲਾਕਿਆਂ ਵਿੱਚ ਨਰਮਾ ਬੀਜਣ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਹਨ। ਮੀਂਹ ਕਾਰਨ ਫਸਲ ਦੇ ਕਰੰਡ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਨਾਲ ਉਤਪਾਦਨ ’ਤੇ ਅਸਰ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਲੰਘੀ ਰਾਤ ਬਠਿੰਡਾ ਵਿੱਚ 20.6 ਮਿਲੀਮੀਟਰ, ਫਰੀਦਕੋਟ ਵਿੱਚ 17.2 ਮਿਲੀਮੀਟਰ ਅਤੇ ਫਿਰੋਜ਼ਪੁਰ ਵਿੱਚ 19 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਰੂਪਨਗਰ ਵਿੱਚ ਡੇਢ ਮਿਲੀਮੀਟਰ ਮੀਂਹ ਪਿਆ। ਅੰਮ੍ਰਿਤਸਰ, ਤਰਨ ਤਾਰਨ, ਲੁਧਿਆਣਾ ਅਤੇ ਜਲੰਧਰ ਸਮੇਤ ਕਈ ਹੋਰ ਖੇਤਰਾਂ ਵਿੱਚ ਵੀ ਟੁੱਟਵਾਂ ਮੀਂਹ ਦਰਜ ਕੀਤਾ ਗਿਆ ਹੈ।
Posted By: Daily Suraj Bureau