Daily Suraj

ਪੰਜਾਬੀ

ਪੰਜਾਬ ‘ਚ ਸੰਘਣੀ ਧੁੰਦ ਦਾ ਕਹਿਰ, ਠੰਡ ਨੇ ਠਾਰੇ ਲੋਕਾਂ ਦੇ ਹੱਡ ,ਹੁਣ ਹੋ ਜਾਓ ਸਾਵਧਾਨ !

18 Dec, 2019 05:30 AM

ਚੰਡੀਗੜ੍ਹ : ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚਪਿਛਲੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਜਿਥੇ ਠੰਡ ‘ਚ ਵਾਧਾ ਹੋਇਆ ਹੈ, ਉਥੇ ਹੀ ਸੰਘਣੀ ਧੁੰਦ ਨੇ ਵੀ ਦਸਤਕ ਦੇ ਦਿੱਤੀ ਹੈ। ਪੰਜਾਬ ਵਿੱਚ ਅੱਜ ਸਵੇਰੇ 5 ਵਜੇ ਤੋਂ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ, ਜਿਸ ਕਾਰਨ ਟਰੈਫਿਕ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਧੁੰਦ ਦੇ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋ ਗਿਆ ਹੈ।ਧੁੰਦ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਠੰਡ ਦੇ ਕਹਿਰ ‘ਚ ਅੱਜ ਸੰਘਣੀ ਧੁੰਦ ਆਉਣ ਨਾਲ ਸੜਕਾਂ ‘ਤੇ ਆਵਾਜਾਈ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਅਤੇ ਵ੍ਹੀਕਲਾਂ ਦੇ ਚਾਲਕਾਂ ਨੂੰ ਲਾਈਟਾਂ ਜਗਾ ਕੇ ਚੱਲਣਾ ਪਿਆ ਹੈ। ਇਸ ਧੁੰਦ ਕਾਰਨ ਠੁਰ-ਠੁਰ ਕਰ ਰਹੇ ਲੋਕਾਂ ਦਾ ਸੜਕਾਂ ’ਤੇ ਤੁਰਨਾ ਮੁਸ਼ਕਲ ਹੋ ਗਿਆ ਹੈ ਅਤੇ ਆਵਾਜਾਈ ਘੱਟ ਗਈ ਅਤੇ ਰੇਲ ਗੱਡੀਆਂ ਦੀ ਰਫਤਾਰ ਵੀ ਹੋਲੀ ਹੋ ਗਈ ਹੈ ਅਤੇ ਇਸ ਸੰਘਣੀ ਧੁੰਦ ਕਾਰਨ ਰੇਲਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕੜਾਕੇ ਦੀ ਠੰਡ ਤੋਂ ਬਚਣ ਲਈ ਲੋਕਾਂ ਨੇ ਅੱਗ ਅਤੇ ਬਿਜਲੀ ਦੇ ਹੀਟਰਾਂ ਦਾ ਸਹਾਰਾ ਲਿਆ ਹੈ। ਇਸ ਠੰਡ ਦੇ ਕਹਿਰ ‘ਚ ਮਜ਼ਦੂਰ ਵਰਗ ਲਈ ਮੁਸ਼ਕਲਾਂ ਵਧ ਗਈਆਂ ਹਨ। ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਠੰਡ ਦੇ ਕਾਰਨ ਅਸੀਂ ਦੁਕਾਨਾਂ ਵੀ ਲੇਟ ਖੋਲ੍ਹਦੇ ਹਾਂ ਤੇ ਗਾਹਕ ਵੀ ਸਾਰਾ-2 ਦਿਨ ਦੇਖਣ ਨੂੰ ਨਹੀਂ ਮਿਲਦਾ,ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਠੰਡ ਜਾਰੀ ਰਹੀ ਤਾਂ ਉਨ੍ਹਾਂ ਲਈ ਹੋਰ ਮੁਸੀਬਤ ਵਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਠੰਡ ਦਾ ਹੋਰ ਜ਼ਿਆਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਕਾਰਨ ਸ਼ਹਿਰ ‘ਚ ਪਿਛਲੇ ਦਿਨੀਂ ਮੀਂਹ ਪਿਆ ਸੀ, ਨਾਲ ਹੀ ਵੀਰਵਾਰ ਤੋਂ ਇਕ ਪਾਸੇ ਵੈਸਟਰਨ ਡਿਸਟਰਬੈਂਸ ਸ਼ੁਰੂ ਹੋ ਰਿਹਾ ਹੈ, ਜਿਸ ਕਾਰਨ 21 ਤੋਂ ਬਾਅਦ ਸ਼ਹਿਰ ‘ਚ ਭਾਰੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ। ਮੰਗਲਵਾਰ ਨੂੰ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ 11 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਹੇਠਲਾ ਤਾਪਮਾਨ 9. 4 ਡਿਗਰੀ ਤੱਕ ਰਿਹਾ।

Posted By: Daily Suraj Bureau

Latest News