Daily Suraj

ਪੰਜਾਬੀ

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਤੇ ਪਨੀਰੀਆਂ ਤਿਆਰ ਕਰਨ ਬਾਰੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

10 Feb, 2026 04:28 PM

ਸੰਗਰੂਰ, (ਜਗਸੀਰ ਲੌਗੋਵਾਲ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਸਬਜ਼ੀਆਂ ਦੀਆਂ ਪਨੀਰੀਆਂ ਅਤੇ ਸੁਰੱਖਿਅਤ ਖੇਤੀ ਵਿਸ਼ੇ ‘ਤੇ ਪੰਜ-ਦਿਨਾਂ ਕਿੱਤਾ-ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ 12 ਕਿਸਾਨ ਵੀਰਾਂ ਨੇ ਭਾਗ ਲਿਆ। ਟ੍ਰੇਨਿੰਗ ਦੇ ਪਹਿਲੇ ਦਿਨ ਡਾ. ਮਨਦੀਪ ਸਿੰਘ ਇੰਚਾਰਜ, ਕ੍ਰਿਸ਼ੀ ਵਿਗਆਨ ਕੇਂਦਰ, ਸੰਗਰੂਰ ਨੇ ਸਿਖਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਲਈ ਸਬਜ਼ੀਆਂ ਦੀਆਂ ਪਨੀਰੀਆਂ ਨੂੰ ਸਹਾਇਕ ਕਿੱਤੇ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਿਖਿਆਰਥੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਵੱਖ-ਵੱਖ ਕਿਸਾਨ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਰਵਿੰਦਰ ਕੌਰ ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਟ੍ਰੇਨਿੰਗ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਬਜ਼ੀਆਂ ਦੀਆਂ ਵੱਖ-ਵੱਖ ਸਿਫਾਰਸ਼ ਕਿਸਮਾਂ ਸਬੰਧੀ ਜਾਣਕਾਰੀ ਦਿੱਤੀ। ਜਿਸ ਵਿੱਚ ਕਿਸਾਨਾਂ ਨੇ ਵਿਸ਼ੇਸ ਰੁਚੀ ਦਿਖਾਈ। ਇਸ ਤੋਂ ਇਲਾਵਾ ਉਨ੍ਹਾਂ ਸਿਹਤਮੰਦ ਪਨੀਰੀ ਤਿਆਰ ਕਰਨ, ਖੇਤ ਦੀ ਤਿਆਰੀ, ਬੈਡ ਤਿਆਰ ਕਰਨਾ, ਪੋਲੀ ਬੈਗਾਂ ਵਿੱਚ ਬਿਜਾਈ ਅਤੇ ਪ੍ਰੋ-ਟਰੇਅ ਲਈ ਮਿਸ਼ਰਣ ਤਿਆਰ ਕਰਨ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ। ਪਨੀਰੀ ਤਿਆਰ ਕਰਨ ਵੇਲੇ ਮਿੱਟੀ ਦੀ ਸੋਧ ਅਤੇ ਬੀਜ ਸੋਧ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਉਨ੍ਹਾਂ ਸਬਜ਼ੀਆਂ ਦੀਆਂ ਸੁਰੱਖਿਅਤ ਖੇਤੀ ਤਕਨੀਕਾਂ ਜਿਵੇਂ ਨੀਵੀਂ ਸੁਰੰਗ ਵਿਧੀ ਵਿੱਚ ਬਿਜਾਈ ਅਤੇ ਸਾਂਭ ਸੰਭਾਲ ਪੌਲੀ ਨੈਟ ਅਤੇ ਨੈੱਟ ਹਾਊਸ ਵਿੱਚ ਬੀਜੀਆਂ ਸਬਜ਼ੀਆਂ ਦੀ ਕਾਸਤ ਤਕਨੀਕਾਂ ਬਾਰੇ ਵੀ ਦੱਸਿਆ। ਸਿਖਿਆਰਥੀਆਂ ਨੂੰ ਅਕਾਲ ਸੀਡ ਫਾਰਮ, ਮਸਤੂਆਣਾ ਸਾਹਿਬ ਵਿਖੇ ਵਿਜਿਟ ਕਰਵਾਇਆ ਗਿਆ। ਜਿੱਥੇ ਡਾ. ਬੂਟਾ ਸਿੰਘ ਰੋਮਾਣਾ, ਰਿਟਾਇਰਡ ਸੀਨੀਅਰ ਪਸਾਰ ਮਾਹਿਰ (ਸਬਜ਼ੀ ਵਿਗਿਆਨ) ਨੇ ਬੀਜ ਫਾਰਮ ਉੱਤੇ ਲੱਗੀਆਂ ਸਬਜ਼ੀਆਂ ਦੀਆਂ ਪ੍ਰਦਰਸ਼ਨੀਆਂ ਅਤੇ ਪਨੀਰੀਆਂ ਬਾਰੇ ਵਿਸਥਾਰਪੂਰਵਕ ਸਾਂਝ ਪਾਈ। ਟ੍ਰੇਨਿੰਗ ਦੌਰਾਨ, ਡਾ ਹਰਦੀਪ ਸਿੰਘ , ਡਿਪਟੀ ਡਾਇਰੈਕਟਰ (ਬਾਗਬਾਨੀ), ਸੰਗਰੂਰ ਨੇ ਬਾਗਬਾਨੀ ਵਿਭਾਗ ਦੀਆਂ ਕਿਸਾਨਾਂ ਦੀਆਂ ਭਲਾਈ ਸਕੀਮਾਂ ਬਾਰੇ ਅਤੇ ਇੰਜੀਨੀਅਰ ਪਰਮਿੰਦਰ ਸਿੰਘ, ਭੂਮੀ ਰੱਖਿਆ ਅਫਸਰ, ਸੁਨਾਮ ਨੇ ਸਬਜ਼ੀਆਂ ਦੀ ਕਾਸਤ ਵਿੱਚ ਪਾਣੀ ਦੀ ਦੁਰਵਰਤੋਂ ਤੋਂ ਬਚਣ ਲਈ ਤੁਪਕਾ ਸਿੰਚਾਈ ਅਤੇ ਫੁਹਾਰਾ ਸਿਸਟਮ ਦੇ ਫਾਇਦੇ ਦੱਸੇ ਅਤੇ ਵਿਭਾਗ ਵੱਲੋਂ ਮਿਲਣ ਵਾਲੀਆਂ ਸਬਸਿਡੀਆਂ ਦੀ ਸਾਂਝ ਪਾਈ।

Posted By: Daily Suraj Bureau

Latest News