ਆਸਟ੍ਰੇਲੀਆ ’ਚ ਦਰਦਨਾਕ ਸੜਕ ਹਾਦਸਾ, ਬਟਾਲਾ ਦੇ ਪੰਜਾਬੀ ਨੌਜਵਾਨ ਦੀ ਮੌਤ
ਆਸਟ੍ਰੇਲੀਆ ਦੇ ਮੈਲਬੋਰਨ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 36 ਸਾਲਾ ਸਨੇਹ ਪਾਲ ਸਿੰਘ ਵਜੋਂ ਹੋਈ ਹੈ, ਜੋ ਬਟਾਲਾ ਦੀ ਅਰਬਨ ਅਸਟੇਟ ਦਾ ਰਹਿਣ ਵਾਲਾ ਸੀ। ਸਨੇਹ ਪਾਲ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਜਾਣਕਾਰੀ ਅਨੁਸਾਰ ਉਹ ਕਰੀਬ 11 ਸਾਲ ਪਹਿਲਾਂ ਬਿਹਤਰ ਭਵਿੱਖ ਦੀ ਭਾਲ ਵਿੱਚ ਆਸਟ੍ਰੇਲੀਆ ਗਿਆ ਸੀ ਅਤੇ ਉੱਥੇ ਰਹਿ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਸਨੇਹ ਪਾਲ ਸਿੰਘ ਦੀ ਕਾਰ ਸੜਕ ਦੇ ਕਿਨਾਰੇ ਖੜ੍ਹੀ ਸੀ। ਇਸ ਦੌਰਾਨ ਪਿੱਛੋਂ ਆ ਰਹੇ ਇੱਕ ਅਣਪਛਾਤੇ ਵਾਹਨ ਨੇ ਉਸ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਨੇਹ ਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਬਟਾਲਾ ਸਥਿਤ ਉਸ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਕਲੌਤੇ ਪੁੱਤਰ ਦੀ ਮੌਤ ਨਾਲ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਸਨੇਹ ਪਾਲ ਸਿੰਘ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਸਹਿਯੋਗ ਦੀ ਅਪੀਲ ਕੀਤੀ ਹੈ, ਤਾਂ ਜੋ ਉਸ ਦਾ ਅੰਤਿਮ ਸਸਕਾਰ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾ ਸਕੇ।
Posted By: Daily Suraj Bureau