UK ‘ਚ ਗੁਰਦੁਆਰੇ ਦੀ ਮਰਿਆਦਾ ਭੰਗ, ਪੁਲਿਸ ਨੇ ਨੌਜਵਾਨ ਨੂੰ ਲਿਆ ਹਿਰਾਸਤ ‘ਚ
ਪੁਲਿਸ ਨੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਯੂਕੇ ਦੇ ਵੈਸਟ ਬ੍ਰੋਮਵਿਚ (UK News) ਵਿੱਚ ਗੁਰੂ ਨਾਨਕ ਗੁਰਦੁਆਰਾ ਸਾਹਿਬ ‘ਚ ਇੱਕ ਨੌਜਵਾਨ ਵੱਲੋਂ ਕੱਚਾ ਮਾਸ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ 22 ਦਸੰਬਰ, 2025 ਦੀ ਦੱਸੀ ਜਾ ਰਹੀ ਹੈ। ਨੌਜਵਾਨ ਵੱਲੋਂ ਕੀਤੀ ਗਈ ਇਹ ਹਰਕਤ ਉੱਥੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਅਤੇ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਕਾਰਵਾਈ ਉਦੋਂ ਤੇਜ਼ ਹੋ ਗਈ ਜਦੋਂ ਵੈਸਟ ਬ੍ਰੋਮਵਿਚ ਤੋਂ ਲੇਬਰ ਸੰਸਦ ਮੈਂਬਰ ਸਾਰਾਹ ਕੂੰਬਸ ਨੇ 8 ਜਨਵਰੀ, 2026 ਨੂੰ ਯੂਕੇ ਸੰਸਦ ਵਿੱਚ ਇਹ ਮੁੱਦਾ ਉਠਾਇਆ।ਜਿਸ ਤੋਂ ਬਾਅਦ ਪੁਲਿਸ ਨੇ ਗੁਰਦੁਆਰੇ ਦੇ ਪ੍ਰਬੰਧਕਾਂ ਤੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਲਈ ਅਤੇ ਇਨ੍ਹਾਂ ਕੈਮਰਿਆਂ ਵਿੱਚ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਦੇ ਗੇਟ ‘ਤੇ ਇੱਕ ਬੈਗ ਵਿੱਚੋਂ ਮਾਸ ਸੁੱਟਦੇ ਦੇਖਿਆ ਗਿਆ ਅਤੇ ਇਸਦੇ ਆਧਾਰ ‘ਤੇ ਦੋਸ਼ੀ ਦੀ ਪਛਾਣ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਦੇ ਖਿਲਾਫ ਦੋਸ਼ ਦਾਇਰ ਕੀਤੇ ਹਨ। ਮੁਲਜ਼ਮ ਦੀ ਪਛਾਣ 42 ਸਾਲਾ ਟੋਮਾਜ਼ ਬਰੂਚ ਵਜੋਂ ਹੋਈ ਹੈ। ਸੰਸਦ ਮੈਂਬਰ ਸਾਰਾਹ ਕੂੰਬਸ ਨੇ ਆਪਣੇ ਐਕਸ ਹੈਂਡਲ ‘ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਗਈ।ਪੁਲਿਸ ਦੇ ਅਨੁਸਾਰ, 42 ਸਾਲਾ ਟੋਮਾਸਜ਼ ਬਰੂਚ ‘ਤੇ ਗੁਰਦੁਆਰੇ (UK News) ਦੇ ਬਾਹਰ ਜਾਣਬੁੱਝ ਕੇ ਕੱਚਾ ਮਾਸ ਸੁੱਟਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਇਸਨੂੰ ਨਫ਼ਰਤ ਅਪਰਾਧ ਵਜੋਂ ਮੰਨ ਰਹੀ ਹੈ। ਦੋਸ਼ੀ ਨੂੰ ਬ੍ਰਿਟਿਸ਼ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸਨੂੰ ਅਗਲੀ ਸੁਣਵਾਈ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ ਵੁਲਵਰਹੈਂਪਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਹੋਵੇਗੀ।
Posted By: Daily Suraj Bureau