Daily Suraj

ਪੰਜਾਬੀ

ਪ੍ਰਿੰਸ ਐਂਡਰੂ ਫਿਰ ਚਰਚਾ ਵਿੱਚ, ਦੁਰਵਿਹਾਰ ਮਾਮਲਿਆਂ ’ਤੇ ਵਧੀ ਤਵੱਜੋ

19 Feb, 2026 04:08 PM

ਬਰਤਾਨੀਆ ਦੇ ਰਾਜਾ ਕਿੰਗ ਚਾਰਲਸ III ਦੇ ਛੋਟੇ ਭਰਾ ਐਂਡਰਿਊ ਮਾਊਂਟਬੈਟਨ-ਵਿੰਡਸਰ ਨੂੰ ਪੁਲੀਸ ਨੇ ਜਨਤਕ ਅਹੁਦੇ ’ਤੇ ਰਹਿੰਦਿਆਂ ਗਲਤ ਵਿਹਾਰ (misconduct) ਦੇ ਸ਼ੱਕ ਵਿੱਚ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਉਨ੍ਹਾਂ ਦੇ ਜੈਫਰੀ ਐਪਸਟੀਨ ਨਾਲ ਸਬੰਧਾਂ ਦੇ ਗੰਭੀਰ ਦੋਸ਼ਾਂ ਤੋਂ ਬਾਅਦ ਕੀਤੀ ਗਈ ਹੈ। ਥੇਮਜ਼ ਵੈਲੀ ਪੁਲੀਸ ਨੇ ਦੱਸਿਆ ਕਿ ਸਾਬਕਾ ਪ੍ਰਿੰਸ ਐਂਡਰਿਊ ਨੂੰ ਵੀਰਵਾਰ ਸਵੇਰੇ ਕਰੀਬ 8 ਵਜੇ ਸੈਂਡਰਿੰਘਮ ਸਥਿਤ ਉਨ੍ਹਾਂ ਦੇ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਇਸ ਸਮੇਂ ਪੁਲੀਸ ਬਰਕਸ਼ਾਇਰ ਅਤੇ ਨੌਰਫੋਕ ਵਿੱਚ ਉਨ੍ਹਾਂ ਨਾਲ ਜੁੜੇ ਟਿਕਾਣਿਆਂ ਦੀ ਤਲਾਸ਼ੀ ਲੈ ਰਹੀ ਹੈ। ਖਾਸ ਗੱਲ ਇਹ ਹੈ ਕਿ ਜਿਸ ਦਿਨ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ, ਉਸੇ ਦਿਨ ਉਨ੍ਹਾਂ ਦਾ ਜਨਮਦਿਨ ਵੀ ਹੈ। ਇਹ ਪੂਰਾ ਮਾਮਲਾ ਉਸ ਸਮੇਂ ਦਾ ਹੈ ਜਦੋਂ ਐਂਡਰਿਊ ਬਰਤਾਨੀਆ ਦੇ ਵਪਾਰਕ ਦੂਤ (Trade Envoy) ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੂੰ 2001 ਵਿੱਚ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ ਪਰ ਜੈਫਰੀ ਐਪਸਟੀਨ ਨਾਲ ਨਾਂ ਜੁੜਨ ਕਾਰਨ ਉਨ੍ਹਾਂ ਨੂੰ 10 ਸਾਲਾਂ ਬਾਅਦ ਅਸਤੀਫਾ ਦੇਣਾ ਪਿਆ ਸੀ। ਅਮਰੀਕੀ ਨਿਆਂ ਵਿਭਾਗ ਦੇ ਦਸਤਾਵੇਜ਼ਾਂ ਮੁਤਾਬਕ ਐਂਡਰਿਊ ਆਪਣੇ ਅਹੁਦੇ ’ਤੇ ਰਹਿੰਦਿਆਂ ਐਪਸਟੀਨ ਦੇ ਸੰਪਰਕ ਵਿੱਚ ਸਨ। ਵਰਜੀਨੀਆ ਗਿਫਰੇ ਨਾਂ ਦੀ ਔਰਤ ਨੇ ਦੋਸ਼ ਲਾਇਆ ਸੀ ਕਿ 2001 ਵਿੱਚ ਜਦੋਂ ਉਹ 17 ਸਾਲ ਦੀ ਸੀ ਤਾਂ ਐਂਡਰਿਊ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਹਾਲਾਂਕਿ ਐਂਡਰਿਊ ਨੇ ਹਮੇਸ਼ਾ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਰਜੀਨੀਆ ਗਿਫਰੇ ਦੀ ਅਪਰੈਲ 2025 ਵਿੱਚ ਖੁਦਕੁਸ਼ੀ ਕਾਰਨ ਮੌਤ ਹੋ ਗਈ ਸੀ। ਇੰਗਲੈਂਡ ਦੇ ਕਾਨੂੰਨ ਅਨੁਸਾਰ ਜਨਤਕ ਅਹੁਦੇ ’ਤੇ ਰਹਿੰਦਿਆਂ ਅਜਿਹੀ ਬਦਚਲਣੀ ਕਰਨਾ ਬਹੁਤ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਅਤੇ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਜਾਣਬੁੱਝ ਕੇ ਗਲਤ ਕੰਮ ਕੀਤਾ ਹੈ, ਤਾਂ ਉਨ੍ਹਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਗੰਭੀਰ ਅਪਰਾਧਿਕ ਸ਼੍ਰੇਣੀ ਤਹਿਤ ਕੀਤੀ ਜਾਵੇਗੀ।

Posted By: Daily Suraj Bureau

Latest News