ਆਖਰੀ ਕਾਫਲਾ ਜਾਰਡਨ ਵੱਲ ਰਵਾਨਾ, ਕੁਰਦ ਲੜਾਕੇ ਰਾਸ਼ਟਰੀ ਫੌਜ ਵਿੱਚ ਸ਼ਾਮਲ
ਲਗਭਗ 12 ਸਾਲਾਂ ਦੀ ਫੌਜੀ ਮੌਜੂਦਗੀ ਤੋਂ ਬਾਅਦ ਅਮਰੀਕਾ ਨੇ ਸੀਰੀਆ ਵਿੱਚੋਂ ਆਪਣੀਆਂ ਸਾਰੀਆਂ ਫੌਜਾਂ ਵਾਪਸ ਬੁਲਾ ਲਈਆਂ ਹਨ ਅਤੇ ਉਥੇ ਮੌਜੂਦ ਸਾਰੇ ਫੌਜੀ ਅੱਡੇ ਖਾਲੀ ਕਰ ਦਿੱਤੇ ਹਨ। ਆਖਰੀ ਅਮਰੀਕੀ ਕਾਫਲਾ ਅਪ੍ਰੈਲ 2026 ਵਿੱਚ ਹਸਾਕਾਹ ਦੇ ਕਾਸਰਕ ਏਅਰ ਬੇਸ ਤੋਂ ਰਵਾਨਾ ਹੋਇਆ। ਫੌਜਾਂ ਦੀ ਵਾਪਸੀ ਤੋਂ ਬਾਅਦ ਸੀਰੀਆ ਸਰਕਾਰ ਨੇ ਸਾਰੇ ਖਾਲੀ ਕੀਤੇ ਗਏ ਠਿਕਾਣਿਆਂ ‘ਤੇ ਆਪਣਾ ਕੰਟਰੋਲ ਸੰਭਾਲ ਲਿਆ ਹੈ। ਸੀਰੀਆ ਦੇ ਵਿਦੇਸ਼ ਮੰਤਰਾਲੇ ਅਨੁਸਾਰ, ਇਹ ਕਦਮ ਦੇਸ਼ ਨੂੰ ਇਕਜੁੱਟ ਕਰਨ ਅਤੇ ਪੂਰੇ ਖੇਤਰ ‘ਤੇ ਸਰਕਾਰੀ ਨਿਯੰਤਰਣ ਕਾਇਮ ਕਰਨ ਵੱਲ ਇੱਕ ਮਹੱਤਵਪੂਰਨ ਮੋੜ ਵਜੋਂ ਵੇਖਿਆ ਜਾ ਰਿਹਾ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਪੁਸ਼ਟੀ ਕੀਤੀ ਹੈ ਕਿ ਲਗਭਗ 2,000 ਸੈਨਿਕ ਜਾਰਡਨ ਵਾਪਸ ਚਲੇ ਗਏ ਹਨ। ਜਾਣਕਾਰੀ ਅਨੁਸਾਰ, ਅਮਰੀਕਾ ਨੇ ਹਸਾਕਾਹ, ਰੁਮੈਲਾਨ ਅਤੇ ਡੇਰ ਏਜ਼-ਜ਼ੋਰ ਖੇਤਰਾਂ ਵਿੱਚ ਘੱਟੋ-ਘੱਟ ਸੱਤ ਵੱਡੇ ਫੌਜੀ ਅੱਡੇ ਖਾਲੀ ਕੀਤੇ ਹਨ। ਇਨ੍ਹਾਂ ਵਿੱਚ ਆਖਰੀ ਅੱਡਾ ਕਾਸਰਕ ਏਅਰ ਬੇਸ ਸੀ, ਜੋ ਹੁਣ ਸੀਰੀਆਈ ਫੌਜ ਦੇ ਕਬਜ਼ੇ ਵਿੱਚ ਹੈ। ਇਸ ਦੌਰਾਨ, ਸੀਰੀਆ ਸਰਕਾਰ ਅਤੇ ਸੀਰੀਅਨ ਡੈਮੋਕ੍ਰੈਟਿਕ ਫੋਰਸਿਜ਼ (SDF) ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਕੁਰਦ ਲੜਾਕਿਆਂ ਨੂੰ ਰਾਸ਼ਟਰੀ ਫੌਜ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਸਰਕਾਰੀ ਬਲਾਂ ਨੂੰ ਹਸਾਕਾ ਅਤੇ ਕਮੀਸ਼ਲੀ ਵਰਗੇ ਸ਼ਹਿਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ, ਜਦਕਿ ਦਮਿਸ਼ਕ ਨੇ ਸਰਹੱਦੀ ਖੇਤਰਾਂ ‘ਤੇ ਆਪਣਾ ਕੰਟਰੋਲ ਹੋਰ ਮਜ਼ਬੂਤ ਕੀਤਾ ਹੈ। ਇਸ ਸਾਲ ਦੋਵਾਂ ਧਿਰਾਂ ਵਿਚਕਾਰ ਝੜਪਾਂ ਵੀ ਹੋਈਆਂ, ਜਿਸ ਤੋਂ ਬਾਅਦ ਮਾਰਚ ਮਹੀਨੇ ਵਿੱਚ ਇੱਕ ਨਵਾਂ ਸਮਝੌਤਾ ਕੀਤਾ ਗਿਆ। ਇਸ ਦੇ ਤਹਿਤ SDF ਅਤੇ ਕੁਰਦ ਪ੍ਰਸ਼ਾਸਕੀ ਢਾਂਚਿਆਂ ਨੂੰ ਹੌਲੀ-ਹੌਲੀ ਰਾਜ ਪ੍ਰਣਾਲੀ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ, ਸੀਰੀਆ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ISIL ਵਿਰੋਧੀ ਗੱਠਜੋੜ ਵਿੱਚ ਸ਼ਾਮਲ ਹੋ ਕੇ ਆਪਣੀ ਰਣਨੀਤੀ ਵਿੱਚ ਬਦਲਾਅ ਕੀਤਾ ਹੈ। ਇਸ ਕਾਰਨ ਖੇਤਰ ਵਿੱਚ ਅਮਰੀਕਾ ਦੀ ਫੌਜੀ ਮੌਜੂਦਗੀ ਕਮਜ਼ੋਰ ਹੋ ਗਈ ਅਤੇ ਹੁਣ ਨਵੀਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ SDF ਇੱਕ ਕੁਰਦਿਸ਼ ਅਗਵਾਈ ਵਾਲਾ ਗੱਠਜੋੜ ਹੈ ਜੋ 2015 ਵਿੱਚ ਬਣਿਆ ਸੀ ਅਤੇ ਇਸ ਵਿੱਚ ਕੁਰਦਿਸ਼, ਅਰਬ ਅਤੇ ਹੋਰ ਸਥਾਨਕ ਸਮੂਹ ਸ਼ਾਮਲ ਹਨ। ਸੀਰੀਆ ਦੇ ਘਰੇਲੂ ਯੁੱਧ ਦੌਰਾਨ, ਜਦੋਂ ਸਰਕਾਰ ਕਮਜ਼ੋਰ ਹੋਈ, ਕੁਰਦ ਲੜਾਕਿਆਂ ਨੇ ਉੱਤਰ-ਪੂਰਬੀ ਖੇਤਰਾਂ ‘ਤੇ ਕਬਜ਼ਾ ਕਰ ਲਿਆ ਸੀ ਅਤੇ ਬਾਅਦ ਵਿੱਚ SDF ਇੱਕ ਮਜ਼ਬੂਤ ਤਾਕਤ ਵਜੋਂ ਉਭਰੀ।
Posted By: Daily Suraj Bureau