Daily Suraj

ਪੰਜਾਬੀ

ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ (ਜਲੰਧਰ) ਵਿਖੇ ਦੋ-ਰੋਜ਼ਾ ਏ.ਆਈ. ਤੇ ਆਈ.ਓ.ਟੀ. ਅਤੇ ਡਿਜੀਟਲ ਨਵੀਨ ਪੇਸ਼ੇਵਰ ਨਿਰਮਾਣ ਵਿਸ਼ੇ ਤੇ ਵਰਕਸ਼ਾਪ ਦਾ ਸਫ਼ਲ ਆਯੋਜਨ

31 Jan, 2026 03:22 PM

(ਅਸ਼ੋਕ ਸ਼ਰਮਾ) ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ( ਡਾ.) ਕਰਮਜੀਤ ਸਿੰਘ ਜੀ ਦੀ ਯੋਗ ਅਗਵਾਈ ਅਧੀਨ ਅਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋਫ਼ੈਸਰ (ਡਾ.) ਸਰੋਜ ਅਰੋੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੋ ਦਿਨਾਂ ਦੀ ਵਰਕਸ਼ਾਪ ਦਾ ਸਫ਼ਲ ਆਯੋਜਨ। ਰਾਸ਼ਟਰੀ ਉੱਚ ਸਿੱਖਿਆ ਅਭਿਆਨ (ਰੂਸਾ) ਦੇ ਵਿੱਤੀ ਅਨੁਦਾਨ ਨਾਲ ਅਤੇ ਗੋਲਡਨ ਜੁਬਲੀ ਸੈਂਟਰ ਫ਼ਾਰ ਇੰਟਰਪਿਨਓਰਸ਼ਿਪ ਅਤੇ ਇਨੋਵੇਸ਼ਨ ਦੇ ਸਹਿਯੋਗ ਨਾਲ ਨੇਪਰੇ ਚਾੜ੍ਹੇ ਗਏ ਇਹਨਾਂ ਵਰਕਸ਼ਾਪ ਵਿੱਚ ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਇੰਟਰਨੈੱਟ ਆਫ਼ ਥਿੰਗਜ਼, ਡਿਜੀਟਲ ਅਤੇ ਨਵੀਨ-ਸੰਚਾਲਕ ਵਪਾਰਕ ਮਾਹੌਲ ਵਿੱਚ ਭਵਿੱਖ ਲਈ ਤਿਆਰ ਪੇਸ਼ੇਵਰਾਂ ਦੇ ਨਿਰਮਾਣ ਵਿਸ਼ਿਆਂ ਉੱਤੇ ਗੰਭੀਰ ਵਿਚਾਰ ਵਟਾਂਦਰਾ ਹੋਇਆ। ਸਮਾਨੰਤਰ ਚੱਲੇ ਦੋਹਾਂ ਵਰਕਸ਼ਾਪ ਵਿੱਚ ਭਾਰੀ ਗਿਣਤੀ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਬੁੱਧੀਜੀਵੀਆਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਇੰਟਰਨੈੱਟ ਆਫ਼ ਥਿੰਗਜ਼ ਵਿਸ਼ੇ ਤੇ ਹੋਏ ਵਰਕਸ਼ਾਪ ਵਿੱਚ ਮੁੱਖ ਵਕਤਾ ਵਜੋਂ ਸ੍ਰੀਮਤੀ ਜੈਸੀ ਜੂਲੀਅਨ (ਅਸਿਸਟੈਂਟ ਪ੍ਰੋਫ਼ੈਸਰ ਕੰਪਿਊਟਰ ਵਿਭਾਗ ਦੇ ਮੁਖੀ,ਟਰੀਨਟੀ ਕਾਲਜ ਜਲੰਧਰ ) ਨੇ ਸ਼ਮੂਲੀਅਤ ਕੀਤੀ।ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਇੰਟਰਨੈਟ ਆਫ਼ ਥਿੰਗਜ਼ ਦਾ ਸੁਮੇਲ ਦੀ ਆਧੁਨਿਕ ਵਰਤੋਂ ਦੀ ਜਾਣਕਾਰੀ ਦੇਣਾ ਸੀ, ਸਵੇਰ ਦੇ ਸੈਸ਼ਨ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸਮਾਰਟ ਡਿਵਾਈਸ ਨੂੰ ਏ.ਆਈ. ਨਾਲ ਜੋੜ ਕੇ ਰੋਜ਼ਾਨਾ ਜੀਵਨ ਵਿੱਚ ਵਧੇਰੇ ਕੁਸ਼ਲ ਬਣਾਇਆ ਜਾ ਸਕਦਾ, ਉਨ੍ਹਾਂ ਨੇ ਦੱਸਿਆ ਕਿਵੇਂ ਕਲਾਊਡ ਕੰਪਿਊਟਿੰਗ ਰਾਹੀਂ ਡਾਟਾ ਇਕੱਠਾ ਕੀਤਾ ਜਾਂਦਾ ਹੈ ਅਤੇ ਉਸ ਦੇ ਵਿਸ਼ਲੇਸ਼ਣ ਕਰਨ ਦੀ ਸਿਖਲਾਈ ਵੀ ਦਿੱਤੀ। ਦੂਸਰੇ ਸੈਸ਼ਨ ਦੌਰਾਨ ਖੇਤੀਬਾੜੀ ਸਿਹਤ ਸੇਵਾਵਾਂ ਅਤੇ ਸਮਾਰਟ ਸਿਟੀ ਦੇ ਵਿੱਚ ਕਿਵੇਂ ਇੰਟਰਨੈਟ ਆਫ਼ ਥਿੰਗਜ਼ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਏ.ਆਈ. ਖੇਤਰ ਨਾਲ ਸੰਬੰਧਿਤ ਰੁਜ਼ਗਾਰ ਦੇ ਵੱਧ ਰਹੇ ਮੌਕੇ ਅਤੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੌਜਵਾਨਾਂ ਨੂੰ ਕਿਹਾ ਕਿ ਏ.ਆਈ. ਵਰਗੀ ਤਕਨੀਕ ਨੂੰ ਅਪਣਾਓ, ਕਿਉਂਕਿ ਇਹੀ ਭਵਿੱਖ ਦੀ ਸਾਫਟਵੇਅਰ ਡਿਵੈਲਪਮੈਂਟ ਨੂੰ ਬਦਲ ਰਹੀ ਹੈ। ਦੂਸਰੀ ਵਰਕਸ਼ਾਪ ਦੌਰਾਨ ਸਵੇਰ ਦੇ ਸੈਸ਼ਨ ਡਾ.ਦੀਪਕ ਦੇਵਗਨ (ਅਸਿਸਟੈਂਟ ਪ੍ਰੋਫ਼ੈਸਰ ਖਾਲਸਾ ਕਾਲਜ ਅੰਮ੍ਰਿਤਸਰ) ਨੇ ਵਪਾਰਕ ਵਾਤਾਵਰਨ ਦੀ ਜਾਗਰੂਕਤਾ ਤੇ ਇਸ ਦੇ ਪ੍ਰਭਾਵ ਬਾਰੇ ਦੱਸਿਆ, ਉਨ੍ਹਾਂ ਨੇ ਤਕਨੀਕੀ,ਆਰਥਿਕ ਕਾਨੂੰਨੀ, ਸਮਾਜਿਕ ਅਤੇ ਗਲੋਬਲ ਫੈਕਟਰ ਦੀ ਚਰਚਾ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿੱਤੀ ਵਿਵਹਾਰ ਨਾਲ ਕਿਵੇਂ ਨਵੀਨਤਮ ਸਵੈ-ਰੁਜਗਾਰ ਨੂੰ ਪ੍ਰਫੁੱਲਿਤ ਕੀਤਾ ਜਾ ਸਕਦਾ ਹੈ ਅਤੇ ਅਕਾਊਂਟ ਸਾਫਟਵੇਅਰ ਦੀ ਜਾਣਕਾਰੀ ਦਿੱਤੀ । ਉਹਨਾਂ ਨੇ ਦੱਸਿਆ ਕਿ ਇੱਕ ਨਵੇਂ ਵਿਚਾਰ ਨੂੰ ਸਫ਼ਲ ਵਪਾਰਕ ਮਾਡਲ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ਅਤੇ ਵਿੱਤੀ ਸਰਕਾਰੀ ਸਹਾਇਕ ਸਕੀਮ ਜਿਵੇਂ ਕਿ ਸਟਾਰਟ-ਅਪ ਇੰਡੀਆ ਦੀ ਜਾਣਕਾਰੀ ਦਿੱਤੀ। ਯੂਨੀਵਰਸਿਟੀ ਕਾਲਜ ਜੰਡਿਆਲਾ ਦੇ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਨਵੀਂ ਸੋਚ ਨੂੰ ਉਤਸਾਹਿਤ ਕਰਦੇ ਹਨ। ਕਾਲਜ ਹਮੇਸ਼ਾ ਤੋਂ ਵਿਦਿਆਰਥੀਆਂ ਨੂੰ ਉਦਯੋਗ ਕੇਂਦਰਿਤ ਅਤੇ ਤਕਨਾਲਜੀ ਅਧਾਰਿਤ ਸਿੱਖਿਆ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕਰਦਾ ਰਹੇਗਾ। ਉਨ੍ਹਾਂ ਨੇ ਸਾਰੇ ਬੁਲਾਰਿਆਂ, ਆਯੋਜਕ ਟੀਮ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਇਸ ਵਰਕਸ਼ਾਪ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।ਅਖੀਰ ਸ੍ਰੀਮਤੀ ਪੂਜਾ ਸੁਖੇਜਾ (ਇੰਚਾਰਜ ਜੀ.ਐਨ.ਡੀ.ਯੂ. ਕਾਲਜ ਨਕੋਦਰ)ਨੇ ਸੈਸ਼ਨ ਦੀ ਸਮਾਪਤੀ ਕੀਤੀ। ਦੋ ਦਿਨ ਚੱਲੇ ਵਰਕਸ਼ਾਪ ਦੇ ਡਿਪਟੀ ਕੋ-ਆਰਡੀਨੇਟਰ ਮੈਡਮ ਪ੍ਰਦੀਪ ਕੌਰ(ਕੰਪਿਊਟਰ ਵਿਭਾਗ) ਅਤੇ ਮੈਡਮ ਮਨਪ੍ਰੀਤ (ਕਾਮਰਸ ਵਿਭਾਗ) ਨੇ ਵਰਕਸ਼ਾਪ ਦੇ ਸਫ਼ਲ ਆਯੋਜਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਮੰਚ ਦਾ ਸੰਚਾਲਨ ਡਾ.ਤਰਨਪ੍ਰੀਤ ਕੌਰ (ਪੰਜਾਬੀ ਵਿਭਾਗ )ਨੇ ਕੀਤਾ।

Posted By: Daily Suraj Bureau

Latest News