Daily Suraj

ਪੰਜਾਬੀ

MSP ’ਤੇ ਅੰਸ਼ਕ ਖ਼ਰੀਦ ਦਾ ਕਿਸੇ ਵੀ ਤਰ੍ਹਾਂ ਦਾ ਕਿਸਾਨ ਵਿਰੋਧੀ ਸਮਝੌਤਾ ਪ੍ਰਵਾਨ ਨਹੀ ਕੀਤਾ ਜਾਵੇਗਾ : ਸੰਯੁਕਤ ਕਿਸਾਨ ਮੋਰਚਾ

22 Feb, 2025 08:17 PM

ਪੰਜਾਬ :ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਚੈਪਟਰ ਨੇ ਐਮਰਜੈਂਸੀ ਆਨਲਾਈਨ ਮੀਟਿੰਗ ਕਰਕੇ ਇੱਕ ਵਾਰ ਮੁੜ ਦੁਹਰਾਇਆ ਹੈ ਕਿ ਐਸ ਕੇ ਐਮ ਸਾਰੀਆਂ ਫਸਲਾਂ ਦੀ ਸਵਾਮੀਨਾਥਨ ਫ਼ਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦੀ ਗਾਰੰਟੀ ਦਾ ਕਾਨੂੰਨ ਦੀ ਮੰਗ ਤੋਂ ਪਿੱਛੇ ਨਹੀ ਹਟੇਗਾ। ਵਰਣਨਯੋਗ ਹੈ ਕਿ ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਬੁਲਾਰੇ ਅਭਿਮੰਨਿਊ ਕੋਹਾੜ ਦੀ ਇੱਕ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਐਮ ਐਸ ਪੀ ਤੇ ਖ੍ਰੀਦ ਗਾਰੰਟੀ ਕਾਨੂੰਨ ਅਤੇ ਹੋਰ ਕਿਸਾਨ ਮੰਗਾਂ ਨੂੰ ਲੈਕੇ ਚੱਲ ਰਹੀ ਗੱਲਬਾਤ ਦੇ ਸੰਦਰਭ ਵਿੱਚ  25-30% ਦੀ ਅੰਸ਼ਕ ਸਰਕਾਰੀ ਖਰੀਦ ਦਾ ਆਰਥਿਕ ਸਿਧਾਂਤ ਪੇਸ਼ ਕਰਦਿਆਂ ਦਲੀਲ ਦਿੱਤੀ ਹੈ ਕਿ ਇਸ ਢੰਗ ਨਾਲ ਕਿਸਾਨਾਂ ਨੂੰ ਐਮ ਐਸ ਪੀ ਮਿਲ ਜਾਵੇਗਾ।    

ਸੰਯੁਕਤ ਕਿਸਾਨ ਮੋਰਚਾ ਨੇ ਫ਼ਸਲਾਂ ਦੀ 25-30% ਅੰਸ਼ਕ ਸਰਕਾਰੀ ਖਰੀਦ ਦੀ ਗਾਰੰਟੀ ਕਾਨੂੰਨ ਦੀ ਸਾਹਮਣੇ ਆਈ ਇਸ ਕਨਸੋਅ ਨੂੰ ਮੁਢੋ ਸੁਢੋ ਰੱਦ ਕਰਦਿਆਂ ਦੁਹਰਾਇਆ ਹੈ ਕਿ ਐਸ ਕੇ ਐਮ ਸਾਰੀਆਂ ਫਸਲਾਂ ਦੀ ਸਮੁੱਚੀ ਪੈਦਾਵਾਰ ਦਾ ਸਵਾਮੀਨਾਥਨ ਫਾਰਮੂਲੇ ਸੀ2+50% ਨਾਲ ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਕਰ ਰਿਹਾ ਹੈ  ਐਸ ਕੇ ਐਮ ਦੇ ਆਗੂਆਂ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਨੂੰ ਇਸ ਸਬੰਧੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।    

ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਅੰਸ਼ਕ ਖ੍ਰੀਦ ਦਾ ਸਮਝੌਤਾ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਵਾਲਾ ਸਮਝੌਤਾ ਹੋਵੇਗਾ। 
ਸੰਯੁਕਤ ਕਿਸਾਨ ਮੋਰਚਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਕਣਕ ਅਤੇ ਝੋਨੇ ਦਾ ਦਾਣਾ ਦਾਣਾ ਸਰਕਾਰ ਵੱਲੋਂ ਐਮ ਐਸ ਪੀ ਤੇ ਖ੍ਰੀਦਣ ਦੀ ਵਿਵਸਥਾ ਕਾਰਨ ਹੀ ਦੋਵੇਂ ਸੂਬਿਆਂ ਦੇ ਕਿਸਾਨਾਂ ਨੂੰ ਐਮ ਐਸ ਪੀ ਮਿਲ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਅੰਸ਼ਕ ਖ੍ਰੀਦ ਦਾ ਸਮਝੌਤਾ ਕਿਸਾਨ ਵਿਰੋਧੀ ਸਮਝੌਤਾ ਹੋਵੇਗਾ ਜਿਸ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਹਰਗਿਜ਼ ਪ੍ਰਵਾਨ ਨਹੀ ਕਰਨਗੇ।


Posted By: Daily Suraj Bureau

Latest News