ਪਿੰਸੀਪਲ ਜਨਕ ਰਾਜ ਨੇ ਆਪਣਾ 68ਵਾਂ ਜਨਮ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਿੱਕਾ ਲਧਾਣਾ ਦੇ ਵਿਦਿਆਰਥੀਆਂ ਅਤੇ ਸਟਾਫ ਨਾਲ ਮਨਾਇਆ
*ਸਿੱਖਿਆ ਵਿਅਕਤੀ ਦੇ ਜੀਵਨ ਨੂੰ ਸਾਰਥਿਕ ਸੋਚ ਵਿਚ ਬਦਲਣ ਦੀ ਸਕਤੀ ਰੱਖਦੀ ਹੈ-ਪ੍ਰਿੰਸੀਪਲ ਜਨਕ ਰਾਜ *ਪ੍ਰਿੰਸੀਪਲ ਜਨਕ ਰਾਜ ਇੱਕ ਖੁੱਲ੍ਹੇ ਸਭਾਅ ਦੇ ਮਾਲਕ ਅਤੇ ਮਿਲਣਸਾਰ ਇਨਸਾਨ ਹਨ-ਪ੍ਰਿੰਸੀਪਲ ਰਜਨੀਸ਼ ਕੁਮਾਰ ਫਗਵਾੜਾ (ਅਸ਼ੋਕ ਸ਼ਰਮਾ) ਇੱਕ ਸਮੇਂ ਕਈ ਕਈ ਸਕੂਲਾਂ ਦੇ ਰਹਿ ਚੁੱਕੇ ਪ੍ਰਿੰਸੀਪਲ ਜਨਕ ਰਾਜ P.E.S. ਅਤੇ ਰੱਤੂ ਜਠੇਰਿਆ ਦੇ ਸਾਬਕਾ ਪ੍ਰਮੁੱਖ ਸੇਵਾਦਾਰ ਨੇ ਆਪਣਾ ਜਨਮ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਿੱਕਾ ਲਧਾਣਾ ਅਤੇ ਸਰਕਾਰੀ ਪਾਇਮਰੀ ਸਕੂਲ ਝਿੱਕਾ ਲਧਾਣਾ ਦੇ ਕੰਪਲੈਕਸ ਵਿੱਚ ਸਮੂਹ ਸਟਾਫ ਮੈਬਰਾਂ ਅਤੇ ਵਿਦਿਆਰਥੀਆਂ ਨਾਲ ਮਨਾਇਆ। ਪ੍ਰਿੰਸੀਪਲ ਜਨਕ ਰਾਜ ਸਰਕਾਰੀ ਸ.ਸ.ਸ.ਸਕੂਲ ਝਿੱਕਾ ਲਧਾਣਾ ਵਿਖੇ ਬਤੌਰ ਪ੍ਰਿੰਸੀਪਲ 'ਮਿਤੀ 04/09/13 ਤੋਂ 08/04/14 ਤੱਕ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੰਦਗੀ ਦੇ ਹਰ ਖੇਤਰ ਵਿੱਚ ਪੜਾਈ ਦੀ ਬਹੁਤ ਮਹੱਤਤਾ ਹੈ ਸਿੱਖਿਆ ਵਿਅਕਤੀ ਦੇ ਜੀਵਨ ਨੂੰ ਸਾਰਥਿਕ ਸੋਚ ਵਿਚ ਬਦਲਣ ਦੀ ਸਕਤੀ ਰੱਖਦੀ ਹੈ, ਉਹਨਾਂ ਅੱਗੇ ਕਿਹਾ ਕਿ ਵਿੱਦਿਆ ਤੀਸਰਾ ਨੇਤਰ ਮਨੁੱਖ ਨੂੰ ਤ੍ਰੈ-ਲੋਕ ਦੀ ਸੋਝੀ ਬਖਸ਼ਦਾ ਹੈ, ਇਸ ਕਰਕੇ ਹਰ ਬੱਚੇ ਅਤੇ ਵਿਅਕਤੀ ਅਤੇ ਸਰਕਾਰ ਨੂੰ ਸਮੇਂ ਸਿਰ ਪੜ੍ਹਾਈ ਵੱਲ ਉਚੇਚਾ ਧਿਆਨ ਦੇ ਕੇ ਆਪਣਾ ਭਵਿੱਖ ਉੱਜਵਲ ਬਣਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਲੰਮੇ ਸਫਰ ਦਾ ਤਜਰਬਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਉਹਨਾਂ ਸਕੂਲ ਪ੍ਰਿੰਸੀਪਲ ਸ੍ਰੀ ਰਜਨੀਸ ਕੁਮਾਰ, ਸ੍ਰੀ ਬੂਟਾ ਰਾਮ ਅਤੇ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਆਪਣੀ ਜਿੰਦਗੀ ਦੇ 68ਵੇਂ ਸਾਲ ਵਿੱਚ ਪਹੁੰਚੇ ਪ੍ਰਿੰਸੀਪਲ ਜਨਕ ਰਾਜ ਦਾ ਜਨਮ ਪਿੰਡ ਅਤੇ ਡਾਕਘਰ ਝੰਡੇਰ ਕਲਾਂ ਵਿਖੇ ਪਿਤਾ ਸ੍ਰੀ ਧਨੂੰ ਰਾਮ ਅਤੇ ਮਾਤਾ ਸ੍ਰੀਮਤੀ ਗੁਰਦੀਪ ਕੌਰ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਨੂੰ ਤਕਰੀਬਨ ਛੇ ਸਾਲ ਰੋਟੀ ਰੋਜੀ ਕਮਾਉਣ ਲਈ ਵੱਖ ਵੱਖ ਪ੍ਰਾਈਵੇਟ ਅਦਾਰਿਆਂ ਵਿੱਚ ਮਜ਼ਦੂਰੀ ਕਰਨੀ ਪਈ ਕਿਉਂਕਿ ਘਰ ਵਿੱਚ ਹੋਰ ਕਈ ਕਮਾਈ ਦਾ ਸਾਧਨ ਨਹੀਂ ਸੀ। 1975 ਵਿੱਚ 10ਵੀਂ ਪਾਸ ਕਰਕੇ ਮਿਹਨਤ ਅਤੇ ਲਗਨ ਨੂੰ ਬਰਕਰਾਰ ਰੱਖਦਿਆਂ 1979 ਵਿੱਚ ਸਰਕਾਰੀ ਆਈ.ਟੀ.ਸੀ. ਫਗਵਾੜਾ ਤੋਂ ਪੰਜਾਬੀ ਸਟੇਨੋਗਰਾਫੀ ਦਾ ਡਿਪਲੋਮਾ ਪਹਿਲੇ ਦਰਜੇ ਵਿਚ ਪਾਸ ਕੀਤਾ ਪਰ ਬੜੇ ਅਫਸੋਸ ਨਾਲ ਲਿਖਣਾ ਪਿਆ ਕਿ ਇਸ ਕਲਾਸ ਵਿੱਚ ਸਿਰਫ ਜਨਕ ਰਾਜ ਹੀ ਸਫ਼ਲ ਰਿਹਾ ਅਤੇ ਬਾਕੀ ਸਾਰੀ ਕਲਾਸ ਫੇਲ੍ਹ ਹੋ ਗਈ। ਇਸ ਉਪਰੰਤ ਇਨ੍ਹਾਂ ਨੇ 1980 ਵਿੱਚ ਸਰਕਾਰੀ ਹਾਈ ਸਕੂਲ ਭਾਣੋਕੀ ਤਹਿਸੀਲ ਫਗਵਾੜਾ ਜ਼ਿਲਾ ਕਪੂਰਥਲਾ ਵਿਖੇ ਬਤੌਰ ਐਸ.ਐਲ.ਏ. ਡਿਊਟੀ ਨਿਭਾਈ, ਉਸ ਵਕਤ ਇਹ ਪੋਸਟ ਦਰਜਾ ਚਾਰ ਵਿੱਚ ਸ਼ਾਮਿਲ ਸੀ । ਪਹਿਲਾਂ ਦੀ ਤਰਾਂ ਉਕਤ ਡਿਊਟੀ ਵਿੱਚ ਮਨ ਨਾ ਲੱਗਣ ਕਾਰਨ ਐਸ.ਐਲ.ਏ. ਡਿਊਟੀ ਤੋਂ ਅਸਤੀਫਾ ਦੇ ਕੇ, ਪੰਜਾਬ ਰੋਡਵੇਜ ਨਵਾਂਸ਼ਹਿਰ ਵਿਖੇ ਬਤੌਰ ਕੰਡਕਟਰ ਲਗਭਗ 16 ਸਾਲਾਂ ਤੋਂ ਵੱਧ, ਵੱਖ ਵੱਖ ਰੂਟਾਂ ਤੇ ਤਕਰੀਬਨ 09 ਸਟੇਟਾਂ ਵਿੱਚ ਆਪਣੀ ਡਿਊਟੀ ਨਿਭਾਈ। ਬਤੌਰ ਕੰਡਕਟਰ ਹੁੰਦਿਆਂ ਉਨ੍ਹਾਂ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਪ੍ਰਾਈਵੇਟ ਵਿਦਿਆਰਥੀ ਦੇ ਤੌਰ ਤੇ ਉੱਚ ਸਿੱਖਿਆ ਵਾਲੀਆਂ ਡਿਗਰੀਆਂ ਪ੍ਰਾਪਤ ਕੀਤੀਆਂ । ਬੀ.ਏ. ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਤੋਂ ਐਮ.ਏ. ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀਆਂ। ਇੱਕ ਵਾਰ ਫਿਰ ਆਪਣੀ ਪੱਕੀ ਨੌਕਰੀ ਤੋਂ ਅਸਤੀਫਾ ਦਿੰਦਿਆਂ 06 ਅਪ੍ਰੈਲ 1995 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਬਤੌਰ ਵੋਕੇਸਨਲ ਮਾਸਟਰ ਹਾਜ਼ਰ ਹੋਏ। 01 ਜਨਵਰੀ 1996 ਤੋਂ ਉਨ੍ਹਾਂ ਨੂੰ ਕੋਰਟ ਦੇ ਹੁਕਮਾਂ ਅਨੁਸਾਰ ਵੋਕੇਸ਼ਨਲ ਲੈਕਚਰਾਰ ਦਾ ਅਹੁੱਦਾ ਮਿਲਿਆ। 15 ਅਕਤੂਬਰ 1998 ਤੋਂ 22 ਦਸੰਬਰ 2009 ਤੱਕ ਸ.ਸ.ਸ. ਸਕੂਲ ਬੰਗਾ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਵਿਖੇ ਬਤੌਰ ਵੋਕੇਸ਼ਨਲ ਲੇਕਚਰਾਰ (ਸੈਕਟੇਰੀਅਲ ਪ੍ਰੈਕਟਿਸ) ਵਜੋਂ ਸੇਵਾ ਨਿਭਾਈ । 23 ਦਸੰਬਰ 2009 ਤੋਂ 31 ਜਨਵਰੀ 2018 ਤੱਕ ਸ.ਸ.ਸ. ਸਕੂਲ -ਮਕਸੂਦਪੁਰ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ। ਇਸ ਕਾਰਜਕਾਲ ਦੌਰਾਨ ਆਪ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ, ਸ.ਸ.ਸ.ਕਾਹਮਾ ਅਤੇ ਕਰਨਾਣਾ ਦਾ ਵਾਧੂ ਚਾਰਜ ਵੀ ਸੰਭਾਲਿਆ। 09 ਦਸੰਬਰ 2015 ਤੋਂ ਜਨਵਰੀ 2018 ਤੱਕ ਆਪ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ ਦਾ ਵਾਧੂ ਚਾਰਜ ਵੀ ਸੰਭਾਲਿਆ ਹੋਇਆ। ਇਸ ਦੇ ਨਾਲ ਨਾਲ ਮਿਤੀ 27 ਅਗਸਤ 2016 ਤੋਂ 28 ਦਸੰਬਰ 2017 ਤੱਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਓੜਾਪੜ ਅਤੇ 27 ਅਗਸਤ 2016 ਤੋਂ ਅਪ੍ਰੈਲ 2017 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂਪੋਤਾ ਦਾ ਵੀ ਵਾਧੂ ਚਾਰਜ ਸੰਭਾਲਿਆ ਸੀ। ਸ.ਸ.ਸ.ਸਕੂਲ ਝਿੱਕਾ ਲਧਾਣਾ ਦੇ ਪ੍ਰਿੰਸੀਪਲ ਸ੍ਰੀ ਰਜਨੀਸ ਕੁਮਾਰ ਅਤੇ ਸ੍ਰੀ ਬੂਟਾ ਰਾਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਜਨਕ ਰਾਜ ਇੱਕ ਖੁੱਲ੍ਹੇ ਸਭਾਅ ਦੇ ਮਾਲਕ, ਦਿਆਲਤਾ ਭਰਪੂਰ, ਮਿਲਣਸਾਰ, ਬੱਚਿਆਂ ਦੇ ਹਿੱਤਾ ਪ੍ਰਤੀ ਸਮਰਪਿਤ ਹਨ, ਉਨ੍ਹਾਂ ਦਾ 12 ਸਾਲ ਬਾਅਦ ਇਸ ਸਕੂਲ ਵਿੱਚ ਬੱਚਿਆਂ ਨੂੰ ਮਠਿਆਈ, ਸਮੋਸੇ, ਟੱਫੀਆਂ, ਚਾਹ ਅਤੇ ਕੇਕ ਵੰਡ ਕੇ ਆਪਣਾ ਜਨਮ ਦਿਨ ਮਨਾਉਣਾ ਆਪਣੇਪਨ ਦਾ ਅਹਿਸਾਸ ਕਰਾਉਂਦਾ ਹੈ ਅਤੇ ਵਿੱਦਿਆ ਪ੍ਰਤੀ ਸਨੇਹ ਪ੍ਰਗਟਾਉਂਦਾ ਹੈ। ਉਨ੍ਹਾਂ ਸਮੁੱਚੇ ਸਕੂਲ ਸਟਾਫ ਵਲੋਂ ਪ੍ਰਿੰਸੀਪਲ ਜਨਕ ਰਾਜ ਦੇ ਚੰਗੇ ਭਵਿੱਖ, ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ। ਸਮਾਗਮ ਦੌਰਾਨ ਪ੍ਰਿੰਸੀਪਲ ਸ੍ਰੀ ਰਜਨੀਸ ਕੁਮਾਰ, ਸ੍ਰੀ ਬਟਾ ਰਾਮ ਲੇਕਚਰਾਰ ਪੰਜਾਬੀ, ਸ੍ਰੀ ਸੁਰਜੀਤ ਭੱਟੀ, ਸ੍ਰੀ ਬਲਕਾਰ ਸਿੰਘ, ਮੈਡਮ ਨੀਲਮ ਰਾਣੀ, ਮੈਡਮ ਬੇਅੰਤ ਕੌਰ, ਮੈਡਮ ਅਮਰਦੀਪ ਕੌਰ ਲੈਕ, ਮੈਡਮ ਰਜਨੀ ਦੇਵੀ ਮੈਡਮ ਮਨਪ੍ਰੀਤ ਕੌਰ, ਮੈਡਮ ਰਜਿੰਦਰ ਕੌਰ, ਮੈਡਮ ਏਕਤਾ ਰਾਣੀ, ਮੈਡਮ ਕਿਰਨਜੀਤ ਕੌਰ, ਮੈਡਮ ਦਿਕਸਾ ਰਾਣੀ, ਸ੍ਰੀ ਨਵਦੀਪ ਸਿੰਘ ਡੀ.ਪੀ.ਈ. ਸ੍ਰੀ ਅਮਰਜੀਤ ਸਿੰਘ, ਸ੍ਰੀ ਕਮਲ ਸੱਲਣ ਅਤੇ ਸਰਕਾਰੀ ਪ੍ਰਾਇਮਰੀ ਝਿੱਕਾ ਲਧਾਣਾ - ਸਰਕਾਰੀ ਸੀ.ਸੈ. ਸਕੂਲ ਝਿੱਕਾ ਲਧਾਣਾ ਦੇ ਸਾਰੇ ਵਿਦਿਆਰਥੀ ਹਾਜਰ ਸਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪ੍ਰਿੰਸੀਪਲ ਜਨਕ ਰਾਜ ਇੱਕ ਅਧਿਆਤਮਕ ਰੁਚੀ ਵਾਲੇ ਇਨਸਾਨ ਹਨ ਜਿਹੜੇ ਕਿ ਪ੍ਰਸਿੱਧ ਧਾਰਮਿਕ ਅਸਥਾਨ ਬਾਬਾ ਡੋਗਰਪੀਰ ਜੀ-ਬਾਬਾ ਜਾਹਰਪੀਰ ਜੀ-ਬਾਬਾ ਸਿਲਬਰਾਹ ਜੀ (53 ਮੇਲਿਆਂ ਵਾਲੇ ਬਾਬੇ ) ਰੱਤ ਜਠੇਰੇ ਝੰਡੇਰਾਂ ਦੇ ਪ੍ਰਮੁੱਖ ਸੇਵਾਦਾਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਅਚਾਨਕ 12 ਸਤੰਬਰ 2021 ਨੂੰ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਵੀਰਾਂ ਰਾਣੀ ਦਾ ਐਕਸੀਡੈਂਟ ਅਤੇ ਪ੍ਰਿੰਸੀਪਲ ਦੀਰਥ ਦੀ ਹੱਡੀ ਦਾ ਅਪ੍ਰੇਸਨ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਹਰ ਰੋਜ ਦੇ ਰੁਝੇਵਿਆਂ ਤੋਂ ਸੰਨਿਆਸ ਲੈਣਾ ਪਿਆ। ਦੁਬਾਰਾ ਕੁਝ ਸਿਹਤਮੰਤ ਹੋਣ ਉਪਰੰਤ ਆਪਣੇ 68ਵੇਂ ਜਨਮ ਦਿਨ ਤੇ ਸਮੂਹ ਵਿਦਿਆਰਥੀਆਂ ਨੂੰ ਅਸੀਰਵਾਦ ਦਿੱਤਾ ਕਿ ਉਹ ਆਪਣੇ ਜੀਵਨ ਕਾਲ ਵਿੱਚ ਵੱਧ ਤੋਂ ਵੱਧ ਪੜਾਈ ਕਰਕੇ ਆਪਣਾ, ਆਪਣੇ ਸਕੂਲ, ਅਧਿਆਪਕਾਂ, ਪਿੰਡ, ਮਾਤਾ-ਪਿਤਾ ਅਤੇ ਆਪਣੇ ਭਾਰਤ ਵਰਸ ਦਾ ਨਾਮ ਰੋਸ਼ਨ ਕਰਨ ਅਤੇ ਆਪਣੇ ਜਿੰਦਗੀ ਦੇ ਹਰ ਖੇਤਰ ਵਿੱਚ ਦਿਨ ਦੁੱਗਣੀ ਅਤੇ ਰਾਤ ਚੋਗਣੀ ਤਰੱਕੀ ਕਰਨ।
Posted By: Daily Suraj Bureau