ਨਰਿੰਦਰ ਮੋਦੀ ਸਟੇਡੀਅਮ ਵਿੱਚ RCB ਦਾ ਜਲਵਾ, GT ਨੂੰ 5 ਵਿਕਟਾਂ ਨਾਲ ਹਰਾਇਆ
ਇੰਡੀਅਨ ਪ੍ਰੀਮੀਅਰ ਲੀਗ (IPL) 2026 ਦਾ ਫਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਗੁਜਰਾਤ ਟਾਈਟਨਸ (GT) ਦਰਮਿਆਨ ਖੇਡਿਆ ਗਿਆ। ਇਸ ਰੋਮਾਂਚਕ ਮੁਕਾਬਲੇ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਬੈਂਗਲੁਰੂ ਦੀ ਟੀਮ ਲਗਾਤਾਰ ਦੂਜੀ ਵਾਰ IPL ਚੈਂਪੀਅਨ ਬਣ ਗਈ ਹੈ। ਟਾਸ ਜਿੱਤਣ ਤੋਂ ਬਾਅਦ RCB ਦੇ ਕਪਤਾਨ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਗੁਜਰਾਤ ਟਾਈਟਨਸ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਹੀ ਬਣਾ ਸਕੀ। ਗੁਜਰਾਤ ਵੱਲੋਂ ਵਾਸ਼ਿੰਗਟਨ ਸੁੰਦਰ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਨਾਬਾਦ 50 ਦੌੜਾਂ ਬਣਾਈਆਂ। ਹਾਲਾਂਕਿ ਟੀਮ ਦੇ ਕਪਤਾਨ ਸ਼ੁਭਮਨ ਗਿੱਲ 12 ਦੌੜਾਂ ਅਤੇ ਸਾਈ ਸੁਦਰਸ਼ਨ 10 ਦੌੜਾਂ ਬਣਾ ਕੇ ਜਲਦੀ ਆਊਟ ਹੋ ਗਏ। ਇਸ ਤੋਂ ਇਲਾਵਾ ਨਿਸ਼ਾਂਤ ਸਿੰਧੂ ਨੇ 20, ਜੋਸ ਬਟਲਰ ਨੇ 19, ਅਰਸ਼ਦ ਖ਼ਾਨ ਨੇ 15 ਅਤੇ ਰਾਹੁਲ ਤੇਵਤੀਆ ਨੇ 7 ਦੌੜਾਂ ਦਾ ਯੋਗਦਾਨ ਪਾਇਆ, ਪਰ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਖੇਡਣ ਵਿੱਚ ਸਫਲ ਨਾ ਹੋ ਸਕਿਆ। 156 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਟੀਮ ਦੇ ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਨਾਬਾਦ 75 ਦੌੜਾਂ ਦੀ ਬੇਹਤਰੀਨ ਪਾਰੀ ਖੇਡਦਿਆਂ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ। RCB ਨੇ 18 ਓਵਰਾਂ ਵਿੱਚ 161 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ ਅਤੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ। ਇਸ ਜਿੱਤ ਨਾਲ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਇੱਕ ਵਾਰ ਫਿਰ ਆਪਣੀ ਮਜ਼ਬੂਤੀ ਸਾਬਤ ਕੀਤੀ ਅਤੇ IPL 2026 ਦਾ ਖ਼ਿਤਾਬ ਜਿੱਤ ਕੇ ਆਪਣੇ ਪ੍ਰਸ਼ੰਸਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ। ਰਾਇਲ ਚੈਲੇਂਜਰਜ਼ ਬੈਂਗਲੁਰੂ ਟੀਮ: ਵਿਰਾਟ ਕੋਹਲੀ, ਦੇਵਦੱਤ ਪੱਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਿਆ, ਰੋਮਾਰੀਓ ਸ਼ੈਫਰਡ, ਭੁਵਨੇਸ਼ਵਰ ਕੁਮਾਰ, ਜੈਕਬ ਡਫ਼ੀ, ਜੋਸ਼ ਹੇਜ਼ਲਵੁੱਡ, ਰਸਿਖ ਸਲਾਮ ਡਾਰ। ਗੁਜਰਾਤ ਟਾਈਟਨਸ ਟੀਮ: ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਜੇਸਨ ਹੋਲਡਰ, ਵਾਸ਼ਿੰਗਟਨ ਸੁੰਦਰ, ਰਾਹੁਲ ਤੇਵਤੀਆ, ਰਾਸ਼ਿਦ ਖ਼ਾਨ, ਨਿਸ਼ਾਂਤ ਸਿੰਧੂ, ਕਗੀਸੋ ਰਬਾਡਾ, ਅਰਸ਼ਦ ਖ਼ਾਨ, ਮੁਹੰਮਦ ਸਿਰਾਜ।
Posted By: Daily Suraj Bureau