Daily Suraj

ਪੰਜਾਬੀ

ਰੰਗਾਰੰਗ ਪੇਸ਼ਕਾਰੀਆਂ ਨਾਲ ਸਾਂਗ ਮਹਾਉਤਸਵ ਰਿਹਾ ਯਾਦਗਾਰ

26 Feb, 2026 01:43 PM

ਹਰਿਆਣਾ ਦੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਵੱਲੋਂ ਸੂਬੇ ਦੀ ਵਿਰਾਸਤੀ ਸਾਂਗ ਕਲਾ ਨੂੰ ਸੁਰੱਖਿਅਤ ਰੱਖਣ ਲਈ ਕਰਵਾਏ ਗਏ ਪੰਜ ਰੋਜ਼ਾ ‘ਸਾਂਗ ਮਹੋਤਸਵ’ ਦੇ ਦੂਜੇ ਦਿਨ ਹਰਿਆਣਾ ਕਲਾ ਪਰਿਸ਼ਦ ਦੇ ਭਰਤਮੁਨੀ ਰੰਗਸ਼ਾਲਾ ਦੇ ਆਡੀਟੋਰੀਅਮ ਵਿੱਚ ਕਲਾਕਾਰਾਂ ਨੇ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ (ਓ ਐੱਸ ਡੀ) ਕੈਲਾਸ਼ ਸੈਣੀ ਨੇ ਕਿਹਾ ਕਿ ਸਰਕਾਰ ਨੇ ਸਾਂਗ ਸ਼ੈਲੀ ਨੂੰ ਜਿਉਂਦਾ ਰੱਖਣ ਲਈ ਇਹ ਵਿਲੱਖਣ ਪਲੇਟਫਾਰਮ ਮੁਹੱਈਆ ਕਰਵਾਇਆ ਹੈ। ਪ੍ਰੋਗਰਾਮ ਦੌਰਾਨ ਸੂਬਾ ਭਰ ਤੋਂ ਆਏ ਲਗਪਗ 25 ਸਾਂਗ ਸਮੂਹਾਂ ਦੇ ਕਲਾਕਾਰਾਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਕੈਲਾਸ਼ ਸੈਣੀ ਨੇ ਕਿਹਾ ਕਿ ਇਹ ਕਲਾਕਾਰ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਸ਼ਲਾਘਾਯੋਗ ਉਪਰਾਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਂਗ ਕਲਾ ਰਾਹੀਂ ਕਲਾਕਾਰ ਨਾ ਸਿਰਫ਼ ਸਮਾਜਿਕ ਬੁਰਾਈਆਂ ਤੋਂ ਬਚਣ ਦਾ ਸੰਦੇਸ਼ ਦਿੰਦੇ ਹਨ, ਸਗੋਂ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦੇ ਹਨ। ਸਮਾਗਮ ਦੀ ਸ਼ੁਰੂਆਤ ਕੈਲਾਸ਼ ਸੈਣੀ, ਜ਼ਿਲ੍ਹਾ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਡਾ. ਨਰਿੰਦਰ ਸਿੰਘ, ਪਦਮਸ਼੍ਰੀ ਮਹਾਵੀਰ ਗੁੱਡੂ, ਰਾਸ਼ਟਰਪਤੀ ਪੁਰਸਕਾਰ ਜੇਤੂ ਪ੍ਰੇਮ ਦੇਹਾਤੀ, ਪ੍ਰੋ. ਰਾਮ ਨਿਵਾਸ ਸਹਿਰਾਵਤ, ਡਾ. ਹਨੀਫ ਹਸਨ ਅਤੇ ਏ ਆਈ ਪੀ ਆਰ ਓ ਬਲਰਾਮ ਸ਼ਰਮਾ ਨੇ ਪ੍ਰਸਿੱਧ ਸਾਂਗੀ ਧਨਪਤ ਸਿੰਘ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਕੀਤੀ। ਕੈਲਾਸ਼ ਸੈਣੀ ਨੇ ਲੋਕ ਕਲਾਕਾਰ ਸੁਭਾਸ਼ ਅਤੇ ਉਨ੍ਹਾਂ ਦੇ ਸਾਥੀਆਂ ਦੀ ਪੇਸ਼ਕਾਰੀ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਮੌਕੇ ’ਤੇ ਹੀ 11 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਡੀ ਪੀ ਆਰ ਓ ਨਰਿੰਦਰ ਸਿੰਘ ਨੇ ਮੁੱਖ ਮਹਿਮਾਨ ਨੂੰ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੰਦਿਆਂ ਇੱਕ ਪੌਦਾ ਭੇਟ ਕੀਤਾ। ਇਸ ਮੌਕੇ ਪਦਮ ਸ਼੍ਰੀ ਮਹਾਵੀਰ ਗੁੱਡੂ ਨੂੰ ਪੱਗ ਬੰਨ੍ਹ ਕੇ ਸਨਮਾਨਿਤ ਕੀਤਾ ਗਿਆ। ਕੈਲਾਸ਼ ਸੈਣੀ ਨੇ ਆਪਣੇ ਬਚਪਨ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਸਾਂਗ ਕਲਾ ਹਰਿਆਣਾ ਦੀ ਰੂਹ ਹੈ। ਮੁਕਾਬਲੇ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ ਮੁੱਖ ਮੰਤਰੀ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਰ ਟੀਮ ਨੂੰ 30 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਮੰਚ ਸੰਚਾਲਨ ਰਾਮ ਨਿਵਾਸ ਨੇ ਬਾਖੂਬੀ ਕੀਤਾ। ਇਸ ਮੌਕੇ ਵਿਭਾਗ ਦੇ ਸੁਪਰਡੈਂਟ ਹਾਕਮ ਸਿੰਘ, ਧਰਮ ਪਾਲ, ਵਿਕਾਸ ਅਤੇ ਹੋਰ ਅਧਿਕਾਰੀ ਮੌਜੂਦ ਸਨ।

Posted By: Daily Suraj Bureau

Latest News