ਨਸ਼ਾ ਤਸਕਰੀ ਅਤੇ ਕਤਲ ਮਾਮਲੇ ਵਿੱਚ ਲੋੜੀਂਦਾ ਗੁਰਿੰਦਰ ਦਿਓ ਫਰਾਂਸ ਤੋਂ ਗ੍ਰਿਫ਼ਤਾਰ, ਹਵਾਲਗੀ ਪ੍ਰਕਿਰਿਆ ਸ਼ੁਰੂ
ਨਸ਼ਾ ਤਸਕਰੀ, ਹਿੰਸਾ ਅਤੇ ਕਤਲ ਨਾਲ ਸਬੰਧਤ ਮਾਮਲਿਆਂ ਵਿੱਚ ਲੋੜੀਂਦੇ ਵੈਸਟ ਵੈਨਕੂਵਰ ਦੇ ਰਹਿਣ ਵਾਲੇ 40 ਸਾਲਾ ਗੁਰਿੰਦਰ ਸਿੰਘ ਦਿਓ ਨੂੰ ਫਰਾਂਸ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐਮਪੀ) ਦੇ ਕਮਿਸ਼ਨਰ ਵੱਲੋਂ ਪੈਸਫਿਕ ਖੇਤਰ ਦੇ ਫੈਡਰਲ ਮੀਡੀਆ ਰਾਹੀਂ ਜਾਰੀ ਬਿਆਨ ਵਿੱਚ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਗਈ ਹੈ। ਪੁਲੀਸ ਅਨੁਸਾਰ, ਇਹ ਕਾਰਵਾਈ 'ਅਪਰੇਸ਼ਨ ਹਾਰਡ ਬਾਲ' ਤਹਿਤ ਕੀਤੀ ਗਈ ਹੈ। ਗੁਰਿੰਦਰ ਦਿਓ ਨੂੰ ਜਲਦ ਹੀ ਅਮਰੀਕਾ ਲਿਆਂਦਾ ਜਾਵੇਗਾ, ਜਿੱਥੇ ਉਹ ਸਾਂਝੇ ਜਾਂਚ ਦਲ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਦਾ ਸਾਹਮਣਾ ਕਰੇਗਾ। ਇਸ ਮਾਮਲੇ ਨਾਲ ਸੰਬੰਧਤ ਜਾਰੀ ਕੀਤੇ ਗਏ ਪ੍ਰੈਸ ਨੋਟ ਦੀ ਇੱਕ ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਇਸਨੂੰ ਅੰਗਰੇਜ਼ੀ, ਫਰੈਂਚ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਜਾਰੀ ਕੀਤਾ ਗਿਆ। ਦੱਸਿਆ ਗਿਆ ਹੈ ਕਿ ਕੈਨੇਡਾ ਦੀ ਕੇਂਦਰੀ ਪੁਲੀਸ ਵੱਲੋਂ ਪਹਿਲੀ ਵਾਰ ਕਿਸੇ ਅਜਿਹੇ ਬਿਆਨ ਨੂੰ ਚਾਰ ਭਾਸ਼ਾਵਾਂ ਵਿੱਚ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਗੁਰਿੰਦਰ ਦਿਓ ਉਸੇ ਪਿੰਦੀ ਦਿਓ ਪਰਿਵਾਰ ਨਾਲ ਸਬੰਧਤ ਹੈ, ਜਿਸ ਦਾ ਨਾਮ ਪੰਜਾਬ ਦੇ ਚਰਚਿਤ 6,000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਸਾਹਮਣੇ ਆਇਆ ਸੀ। ਗੁਰਿੰਦਰ ਦੇ 34 ਸਾਲਾ ਭਰਾ ਸੁੱਖ ਦਿਓ ਦੀ ਕੁਝ ਸਾਲ ਪਹਿਲਾਂ ਟੋਰਾਂਟੋ ਵਿੱਚ ਹੱਤਿਆ ਹੋ ਗਈ ਸੀ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ, ਜਾਂਚ ਏਜੰਸੀਆਂ ਗੁਰਿੰਦਰ ਦਿਓ ਦੇ ਦੋ ਭਰਾਵਾਂ ਅਤੇ ਹੋਰ ਕਰੀਬੀਆਂ ਤੋਂ ਪੁੱਛਗਿੱਛ ਕਰ ਰਹੀਆਂ ਹਨ। ਪੁਲੀਸ ਦਾ ਦਾਅਵਾ ਹੈ ਕਿ ਗੁਰਿੰਦਰ ਦਿਓ, ਉਸ ਦੀ ਪਤਨੀ, ਭੈਣ ਅਤੇ ਜੀਜੇ ਦੀ ਮਾਲਕੀ ਵਾਲੇ ਕਰੀਬ 55 ਲੱਖ ਡਾਲਰ ਮੁੱਲ ਦੇ ਤਿੰਨ ਮਕਾਨ ਗੈਰ-ਕਾਨੂੰਨੀ ਕਮਾਈ ਨਾਲ ਬਣਾਏ ਗਏ ਹਨ, ਜਿਨ੍ਹਾਂ ਨੂੰ ਸਰਕਾਰੀ ਕਬਜ਼ੇ ਵਿੱਚ ਲੈਣ ਦੀ ਕਾਰਵਾਈ ਕੀਤੀ ਜਾਵੇਗੀ। ਇਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਰਵਿੰਦਰ ਢੰਡਾ, ਜਸਕਰਨ ਬਾਗੜੀ ਅਤੇ ਗੁਰਦੇਵ ਸਮਾਘ ਨੂੰ ਵੀ ਅੱਜ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਉਨ੍ਹਾਂ ਨੂੰ ਅਮਰੀਕਾ ਹਵਾਲੇ ਕਰਨ ਸਬੰਧੀ ਸੁਣਵਾਈ ਹੋਈ, ਪਰ ਜੱਜ ਨੇ ਫ਼ੈਸਲਾ ਫਿਲਹਾਲ ਰਾਖਵਾਂ ਰੱਖਿਆ ਹੈ। ਨਾਲ ਹੀ ਅਦਾਲਤ ਨੇ ਮਾਮਲੇ ਨਾਲ ਸੰਬੰਧਤ ਹੋਰ ਜਾਣਕਾਰੀ ਜਨਤਕ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।
Posted By: Daily Suraj Bureau