Daily Suraj

ਪੰਜਾਬੀ

ਮਾਛੀਵਾੜਾ ’ਚ ਤਿੰਨ ਦਿਨਾਂ ਅੰਦਰ ਨਸ਼ੇ ਨੇ ਨਿਗਲੀਆਂ ਦੋ ਜਵਾਨ ਜਾਨਾਂ; ਭਾਜਪਾ ਨੇ ਸੂਬਾ ਸਰਕਾਰ ਤੇ ਪੁਲੀਸ ਪ੍ਰਸ਼ਾਸਨ ’ਤੇ ਚੁੱਕੇ ਸਵਾਲ

25 Nov, 2026 10:47 AM

ਮਾਛੀਵਾੜਾ ਸਾਹਿਬ ਖੇਤਰ ਵਿੱਚ ਮਹਿਜ਼ ਤਿੰਨ ਦਿਨਾਂ ਦੇ ਅੰਦਰ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ ਨੇ ਇਲਾਕੇ ਵਿੱਚ ਸੋਗ ਅਤੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਗਗਨਦੀਪ ਸੰਨੀ ਕੈਂਥ ਨੇ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਗਗਨਦੀਪ ਸੰਨੀ ਕੈਂਥ ਨੇ ਕਿਹਾ ਕਿ ਇਹ ਬੇਹੱਦ ਚਿੰਤਾਜਨਕ ਅਤੇ ਸ਼ਰਮਨਾਕ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਲਾਕੇ ਵਿੱਚ ਦੌਰੇ ਨੂੰ ਮੁੱਖ ਰੱਖਦਿਆਂ ਪੁਲੀਸ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਚੱਪੇ-ਚੱਪੇ ’ਤੇ ਸਖ਼ਤ ਸੁਰੱਖਿਆ, ਚੌਕਸੀ ਅਤੇ ਗਸ਼ਤ ਦੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇੰਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਨਸ਼ਾ ਤਸਕਰ ਬੇਖ਼ੌਫ਼ ਹੋ ਕੇ ਨੌਜਵਾਨਾਂ ਨੂੰ ਸ਼ਰ੍ਹੇਆਮ ਮੌਤ ਵੰਡ ਰਹੇ ਹਨ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਬੈਠਾ ਹੈ। ਦੁਬਈ ਤੋਂ ਪਰਤੇ ਨੌਜਵਾਨ ਮਗਰੋਂ ਫੈਕਟਰੀ ਕਾਮੇ ਦੀ ਹੋਈ ਮੌਤ ਦੋਵਾਂ ਘਟਨਾਵਾਂ ਦੇ ਵੇਰਵੇ ਦਿੰਦਿਆਂ ਸੰਨੀ ਕੈਂਥ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਦੁਬਈ ਤੋਂ ਕਮਾਈ ਕਰਕੇ ਵਾਪਸ ਘਰ ਪਰਤੇ ਇੰਦਰਾ ਕਲੋਨੀ ਦੇ ਰਹਿਣ ਵਾਲੇ ਗਗਨਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਜਾਨ ਚਲੀ ਗਈ ਸੀ। ਅਜੇ ਉਸ ਦੇ ਪਰਿਵਾਰ ਦਾ ਦੁੱਖ ਵੀ ਮੱਠਾ ਨਹੀਂ ਪਿਆ ਸੀ ਕਿ ਮਾਛੀਵਾੜਾ-ਨੂਰਪੁਰ ਰੋਡ ’ਤੇ ਇੱਕ ਕੱਚੇ ਰਸਤੇ ਤੋਂ ਫੈਕਟਰੀ ਕਾਮੇ ਭੁਪਿੰਦਰ ਸਿੰਘ ਦੀ ਲਾਸ਼ ਮਿਲੀ, ਜਿਸ ਦੇ ਕੋਲੋਂ ਇੱਕ ਸਰਿੰਜ ਵੀ ਬਰਾਮਦ ਹੋਈ ਹੈ। ਕੈਂਥ ਨੇ ਅੱਗੇ ਕਿਹਾ ਕਿ ਮ੍ਰਿਤਕ ਭੁਪਿੰਦਰ ਸਿੰਘ ਦੇ ਪਿਤਾ ਅਮਰਦੀਪ ਸਿੰਘ ਦਾ ਬਿਆਨ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਝੰਜੋੜਨ ਵਾਲਾ ਹੈ। ਪਿਤਾ ਅਨੁਸਾਰ, ਉਨ੍ਹਾਂ ਦੇ ਪੁੱਤ ਨੇ ਖਾਣਾ ਖਾਣ ਦੇ ਬਹਾਨੇ ਉਨ੍ਹਾਂ ਕੋਲੋਂ 500 ਰੁਪਏ ਲਏ ਸਨ ਅਤੇ ਉਨ੍ਹਾਂ ਹੀ ਪੈਸਿਆਂ ਨਾਲ ਨਸ਼ੇ ਦਾ ਟੀਕਾ ਖ਼ਰੀਦ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਭਾਜਪਾ ਆਗੂ ਨੇ ਤੰਜ਼ ਕੱਸਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਸੁਰੱਖਿਆ ਲਈ ਤਾਂ ਸੈਂਕੜੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾ ਸਕਦੇ ਹਨ, ਪਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਦਲਦਲ ਵਿੱਚੋਂ ਬਚਾਉਣ ਲਈ ਸਰਕਾਰ ਕੋਲ ਨਾ ਕੋਈ ਠੋਸ ਨੀਤੀ ਹੈ ਅਤੇ ਨਾ ਹੀ ਇੱਛਾ ਸ਼ਕਤੀ। ਵੱਡੇ ਤਸਕਰਾਂ ਖ਼ਿਲਾਫ਼ ਕਤਲ ਦੇ ਮੁਕੱਦਮੇ ਦਰਜ ਕਰਨ ਦੀ ਮੰਗ ਜ਼ਿਲ੍ਹਾ ਪ੍ਰਧਾਨ ਨੇ ਮੰਗ ਕੀਤੀ ਕਿ ਨਸ਼ਿਆਂ ਦੀ ਸਪਲਾਈ ਲੜੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਿਰਫ਼ ਦਿਖਾਵੇ ਵਜੋਂ ਛੋਟੇ ਤਸਕਰਾਂ ਨੂੰ ਫੜਨ ਦੀ ਰਵਾਇਤ ਤੁਰੰਤ ਬੰਦ ਹੋਣੀ ਚਾਹੀਦੀ ਹੈ। ਪੀੜਤ ਪਰਿਵਾਰ ਦੀ ਮੰਗ ਦਾ ਸਮਰਥਨ ਕਰਦਿਆਂ ਉਨ੍ਹਾਂ ਇਲਾਕੇ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਵੱਡੇ ਸਰਗਨਿਆਂ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਅਤੇ ਉਨ੍ਹਾਂ ਵਿਰੁੱਧ ਸਿੱਧੇ ਤੌਰ ’ਤੇ ਕਤਲ (Murder) ਦੇ ਮੁਕੱਦਮੇ ਦਰਜ ਕਰਕੇ ਸਖ਼ਤ ਸਜ਼ਾ ਦਿਵਾਉਣ ਦੀ ਅਪੀਲ ਕੀਤੀ। ਅੰਤ ਵਿੱਚ ਗਗਨਦੀਪ ਸੰਨੀ ਕੈਂਥ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਮਾਛੀਵਾੜਾ ਅਤੇ ਸਮੁੱਚੇ ਲੁਧਿਆਣਾ ਦਿਹਾਤੀ ਖੇਤਰ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ, ਤਾਂ ਭਾਜਪਾ ਆਮ ਲੋਕਾਂ ਨੂੰ ਨਾਲ ਲੈ ਕੇ ਸੜਕਾਂ ’ਤੇ ਉੱਤਰੇਗੀ ਅਤੇ ਸਰਕਾਰ ਦੀ ਨਾਕਾਮੀ ਵਿਰੁੱਧ ਤਿੱਖਾ ਜਨ ਅੰਦੋਲਨ ਸ਼ੁਰੂ ਕਰੇਗੀ।

Latest News