Daily Suraj

ਪੰਜਾਬੀ

ਪੰਜਾਬ ਦੇ ਸਿਹਤ ਮੰਤਰੀ ਨੇ ਟ੍ਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ ਨੂੰ ਮੋਹਾਲੀ ਵਿਖੇ ਨਰਸਿੰਗ ਦੇ ਰਿਫਰੈਸ਼ਰ ਕੋਰਸਾਂ ਲਈ ਇੰਸਟੀਚਿਊਟ ਸਥਾਪਤ ਕਰਨ ਵਿੱਚ ਮਦਦ ਕਰਨ ਦਾ ਭਰੋਸਾ ਦਿੱਤਾ

06 Dec, 2024 05:30 AM

ਐਸ.ਏ.ਐਸ.ਨਗਰ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੋਹਾਲੀ ਵਿਖੇ ਰਿਫਰੈਸ਼ਰ ਕੋਰਸ ਇੰਸਟੀਚਿਊਟ ਦੀ ਸਥਾਪਨਾ ਵਿੱਚ ਟ੍ਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ (ਟੀ.ਐਨ.ਏ.ਆਈ) ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ। ਉਹ ਇੱਥੇ ਮੁਹਾਲੀ ਕਲੱਬ ਵਿਖੇ ਦੋ ਰੋਜ਼ਾ ਨੈਸ਼ਨਲ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਇਹ ਧਿਆਨ ਵਿੱਚ ਰੱਖਦੇ ਹੋਏ ਕਿ ਡਾਕਟਰੀ ਖੇਤਰ ਲਗਾਤਾਰ ਸਿੱਖਣ ਬਾਰੇ ਹੈ, ਇਸੇ ਲਈ ਨਰਸਾਂ ਨੂੰ ਵੱਖ-ਵੱਖ ਬਿਮਾਰੀਆਂ ਅਤੇ ਸਥਿਤੀਆਂ ਨਾਲ ਸਬੰਧਤ ਚੁਣੌਤੀਆਂ ਨਾਲ ਨਜਿੱਠਣ ਲਈ ਰਿਫਰੈਸ਼ਰ ਕੋਰਸਾਂ ਦੀ ਵੀ ਲੋੜ ਹੁੰਦੀ ਹੈ, ਭਾਵੇਂ ਇਹ ਅਪਰੇਸ਼ਨ ਥੀਏਟਰ, ਇਨਡੋਰ ਕੇਅਰ, ਇੰਟੈਂਸਿਵ ਕੇਅਰ ਜਾਂ ਡਾਇਲਸਿਸ ਸੈਂਟਰਾਂ ਜਾਂ ਕੈਂਸਰ ਦੀ ਦੇਖਭਾਲ ਵਰਗੇ ਨਾਜ਼ੁਕ ਖੇਤਰ ਹੋਣ।
ਡਾ. ਬਲਬੀਰ ਸਿੰਘ ਨੇ ਕਿਹਾ ਅੱਜ ਸਿੱਖ ਪੰਥ ਦੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਦਿਵਸ ਹੈ ਅਤੇ ਇਤਫ਼ਾਕ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਾਂ ‘ਤੇ ਰੱਖੇ ਗਏ ਅਸਥਾਨ ‘ਤੇ ਟੀ.ਐਨ.ਏ.ਆਈ ਦੀ ਕਾਨਫਰੰਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦੁਰ ਸਾਹਿਬ ਦੀ ਲਾਸਾਨੀ ਕੁਰਬਾਨੀ ਮਨੁੱਖਤਾ ਨੂੰ ਉਸ ਸਮੇਂ ਦੇ ਮੁਗਲ ਬਾਦਸ਼ਾਹਾਂ ਦੇ ਜ਼ੁਲਮ ਤੋਂ ਬਚਾਉਣ ਲਈ ਸੀ ਅਤੇ ਗੁਰੂ ਸਾਹਿਬ ਨੂੰ ਇਸੇ ਲਈ “ਹਿੰਦ ਦੀ ਚਾਦਰ” ਵਜੋਂ ਯਾਦ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਮਾਨਵਤਾ ਸੇਵਾਵਾਂ ਦੀ ਲੜੀ ਵਿੱਚ ਨਰਸਿੰਗ ਕਿੱਤੇ ਦਾ ਵਿਸ਼ਵ ਭਰ ਵਿੱਚ ਉੱਚ ਸਨਮਾਨ ਅਤੇ ਸਥਾਨ ਹੈ ਅਤੇ ਭਾਰਤੀ ਨਰਸਾਂ ਦੀ, ਉਨ੍ਹਾਂ ਦੇ ਪੇਸ਼ੇ ਪ੍ਰਤੀ ਅਤਿ-ਸਮਰਪਣ ਕਾਰਨ, ਵਿਸ਼ਵ ਭਰ ਵਿੱਚ ਸਭ ਤੋਂ ਵੱਧ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਡਾਕਟਰ ਮਰੀਜ਼ ਨੂੰ ਇਲਾਜ ਲਈ ਟੀਕਾ ਲਗਾਉਂਦੇ ਹਨ ਪਰ ਨਰਸਾਂ ਉਨ੍ਹਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਬਣਾਉਣ ਲਈ ਪਿਆਰ ਅਤੇ ਦਇਆ ਭਾਵਨਾ ਦੀ ਵਰਤੋਂ ਕਰਦੀਆਂ ਹਨ।

Posted By: Daily Suraj Bureau

Latest News