Daily Suraj

ਪੰਜਾਬੀ

ਬਿਜਲੀ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਰੈਲੀ

09 Dec, 2024 05:30 AM

ਗੁਰੂਹਰਸਹਾਏ : ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਬਿਜਲੀ ਬੋਰਡ ਤੇ ਯੂਪੀ ਦੇ ਬਿਜਲੀ ਬੋਰਡ ਨੂੰ ਘਾਟੇ ਵਿੱਚ ਦਿਖਾ ਕੇ ਨਿੱਜੀਕਰਨ ਕਰਨ ਦੇ ਵਿਰੋਧ ਵਿੱਚ ਤੇ ਚੰਡੀਗੜ ਤੇ ਯੂਪੀ ਦੇ ਮੁਲਾਜ਼ਮਾਂ ਦੇ ਸੰਘਰਸ਼ ਦੇ ਸਮਰਥਨ ਵਿਚ ਪੀਐੱਸਈਬੀ ਇੰਮਪਲਾਈਜ਼ ਜੁਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਉੱਪਰ ਗੁਰੂਹਰਸਹਾਏ ਦੇ ਸਮੂਹ ਮੁਲਾਜ਼ਮਾਂ ਵੱਲੋਂ ਸ/ਡਵੀਜ਼ਨ ਦਫ਼ਤਰ ਦੇ ਗੇਟ ਅੱਗੇ ਰੋਹ ਭਰਪੂਰ ਰੋਸ ਰੈਲੀ ਪ੍ਰਧਾਨ ਨਾਨਕ ਚੰਦ ਦੀ ਪ੍ਰਧਾਨਗੀ ਹੇਠ ਕੀਤੀ ਗਈ । ਅੱਜ ਦੀ ਰੋਸ ਰੈਲੀ ਨੂੰ ਸੰਬੋਧਨ ਕਰਦੇ ਸਰਕਲ ਸਕੱਤਰ ਇੰਜ. ਸ਼ਿੰਗਾਰ ਮਹਿਰੋਕ ਅਤੇ ਸ/ਡਵੀਜ਼ਨ ਪ੍ਰਧਾਨ ਸੁਰਿੰਦਰ ਕੁਮਾਰ ਨੇ ਕਿਹਾ ਕਿ ਚੰਡੀਗੜ੍ਹ ਬਿਜਲੀ ਬੋਰਡ ਅਤੇ ਯੂਪੀ ਬਿਜਲੀ ਬੋਰਡ ਮੁਨਾਫ਼ੇ ਵਿਚ ਹੋਣ ਦੇ ਬਾਵਜੂਦ ਵੀ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਉਸ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਬਿਜਲੀ ਹੋਰ ਮਹਿੰਗੀ ਹੋ ਜਾਵੇਗੀ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕ ਬਿਜਲੀ ਬਾਲਣ ਤੋਂ ਵਾਂਝੇ ਹੋ ਜਾਂਣਗੇ। ਜਾਪਦਾ ਇੰਝ ਹੈ ਕਿ ਮੈਨੇਜਮੈਂਟ ਅਤੇ ਕੇਂਦਰ ਸਰਕਾਰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੈ। ਆਗੂਆਂ ਵਲੋਂ ਦੱਸਿਆ ਗਿਆ ਕਿ ਬਿਜਲੀ ਅਦਾਰਾ ਇੱਕ ਬੇਹੱਦ ਮਹੱਤਵਪੂਰਨ ਅਦਾਰਾ ਹੈ, ਪਰ ਸਰਕਾਰ ਵੱਲੋਂ ਇਸ ਅਦਾਰੇ ਵਿੱਚ ਕੰਮ ਕਰਦੇ ਕਾਮਿਆਂ ਦੀ ਸਾਰ ਨਹੀਂ ਲਈ ਜਾ ਰਹੀ ਅਤੇ ਠੇਕੇਦਾਰੀ ਮਾੜੇ ਸਿਸਟਮ ਕਰਕੇ ਲਗਾਤਾਰ ਹਾਦਸੇ ਵੱਧ ਰਹੇ ਹਨ ਅਤੇ ਬਿਜਲੀ ਕਾਮਿਆਂ ਦੀਆਂ ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਕਰਕੇ ਜਾ ਰਹੀਆਂ ਹਨ। ਇਸ ਲਈ ਹਾਦਸੇ ਦਾ ਸ਼ਿਕਾਰ ਹੋਏ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਓਸੇ ਤਰਜ ਤੇ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ ਜਾਵੇ, ਨਵੇਂ ਭਰਤੀ ਹੋਏ ਕਰਮਚਾਰੀਆਂ/ ਅਧਿਕਾਰੀਆਂ ਉੱਪਰ ਸੱਤਵੇਂ ਪੇ ਕਮਿਸ਼ਨ ਦੀ ਥਾਂ ਤੇ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, ਸੋਧੇ ਹੋਏ ਭੱਤਿਆਂ ਦਾ ਬਕਾਇਆ, ਰਹਿੰਦੇ ਭੱਤੇ ਸੋਧਣ, ਇਨ ਹਾਊਸ ਕੰਟਰੈਕਟ ਕਾਮਿਆਂ ਨੂੰ ਪੱਕੇ ਕਰਨ, ਹਰੇਕ ਕੈਟਾਗਰੀ ਦੀਆਂ ਤਰੱਕੀਆਂ ਵਿੱਚ ਤੇਜੀ ਲਿਆਉਣ, ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੂੰ ਯੋਗ ਨੌਕਰੀ ਦੇਣ, ਖ਼ਾਲੀ ਅਸਾਮੀਆਂ ਤਰੱਕੀ ਰਾਹੀਂ ਅਤੇ ਨਵੀਂ ਭਰਤੀ ਰਾਹੀਂ ਭਰਨ ਆਦਿ ਨੂੰ ਤਰਜੀਹ ਦਿੱਤੀ ਜਾਵੇ। ਆਗੂਆਂ ਨੇ ਮੈਨੇਜਮੈਂਟ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚੰਡੀਗੜ੍ਹ ਬਿਜਲੀ ਬੋਰਡ ਅਤੇ ਯੂਪੀ ਬਿਜਲੀ ਬੋਰਡ ਦਾ ਨਿੱਜੀਕਰਨ ਰੋਕਣਾ ਚਾਹੀਦਾ ਹੈ ਅਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਜੁਆਇੰਟ ਫ਼ੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਵੱਲੋਂ ਜੋ ਵੀ ਸਘੰਰਸ਼ ਉਲੀਕਿਆ ਜਾਵੇਗਾ, ਉਸ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਅੱਜ ਦੀ ਗੇਟ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਸਾਥੀ ਜਸਵਿੰਦਰ ਪਾਲ, ਸੁਖਦੇਵ ਸਿੰਘ, ਦਵਿੰਦਰ ਸਿੰਘ, ਸੰਦੀਪ ਕੁਮਾਰ, ਬਲਦੇਵ ਸਿੰਘ, ਪਰਵਿੰਦਰ ਸਿੰਘ ਅਤੇ ਡਵੀਜ਼ਨ ਆਗੂ ਬਲਕਾਰ ਚੰਦ ਅਤੇ ਪੈਨਸ਼ਨਰ ਐਸੋਸ਼ੀਏਸ਼ਨ ਦੇ ਆਗੂ ਨਰੇਸ਼ ਸੇਠੀ, ਬਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

Posted By: Daily Suraj Bureau

Latest News