ਤਰਨਤਾਰਨ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਘਰ ’ਚ ਇਕੱਲੀ ਔਰਤ ਦਾ ਕਰੰਟ ਲਗਾ ਕੇ ਕਤਲ
ਤਰਨਤਾਰਨ ਤੋਂ ਇੱਕ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਘਰ ਵਿੱਚ ਇਕੱਲੀ ਮੌਜੂਦ ਇੱਕ ਔਰਤ ਦੀ ਕਰੰਟ ਲਗਾ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਿੰਡ ਮਾਲੀਆਂ ਕਲਾਂ ਦੀ ਰਹਿਣ ਵਾਲੀ 38 ਸਾਲਾ ਕੁਲਦੀਪ ਕੌਰ ਵਜੋਂ ਹੋਈ ਹੈ। ਵਾਰਦਾਤ ਸਮੇਂ ਉਸ ਦਾ ਪਤੀ ਨੌਕਰੀ ’ਤੇ ਗਿਆ ਹੋਇਆ ਸੀ। ਮੁੱਢਲੀ ਜਾਣਕਾਰੀ ਮੁਤਾਬਕ, ਦੋ ਨਕਾਬਪੋਸ਼ ਬਦਮਾਸ਼ ਘਰ ਵਿੱਚ ਦਾਖਲ ਹੋਏ ਅਤੇ ਕਥਿਤ ਤੌਰ ’ਤੇ ਲੁੱਟ-ਖੋਹ ਕਰਨ ਲੱਗੇ। ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਕੌਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਨੇੜੇ ਪਈਆਂ ਨੰਗੀਆਂ ਤਾਰਾਂ ਨੂੰ ਸਵਿੱਚ ਵਿੱਚ ਲਗਾ ਕੇ ਔਰਤ ਨੂੰ ਕਰੰਟ ਲਗਾ ਦਿੱਤਾ। ਕਰੰਟ ਲੱਗਣ ਕਾਰਨ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਬਾਂਹ ’ਤੇ ਕਾਲੇ ਨਿਸ਼ਾਨ ਵੀ ਮਿਲੇ। ਵਾਰਦਾਤ ਤੋਂ ਬਾਅਦ ਬਦਮਾਸ਼ ਘਰ ਵਿੱਚੋਂ ਕਰੀਬ 70 ਹਜ਼ਾਰ ਰੁਪਏ ਨਕਦ ਅਤੇ ਸੋਨੇ ਦੀਆਂ ਵਾਲੀਆਂ, ਚੇਨੀ ਤੇ ਅੰਗੂਠੀ ਲੈ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਜਦੋਂ ਘਰ ਵਿੱਚ ਕੰਮ ਕਰਨ ਵਾਲੀ ਔਰਤ ਉੱਥੇ ਪਹੁੰਚੀ ਤਾਂ ਉਸ ਨੇ ਕੁਲਦੀਪ ਕੌਰ ਨੂੰ ਜ਼ਮੀਨ ’ਤੇ ਪਿਆ ਦੇਖਿਆ। ਸਾਹ ਨਾ ਚੱਲਦੇ ਦੇਖ ਕੇ ਉਸ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਮ੍ਰਿਤਕ ਦੇ ਪਤੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਘਰ ਪਹੁੰਚਣ ’ਤੇ ਉਨ੍ਹਾਂ ਨੇ ਆਪਣੀ ਪਤਨੀ ਨੂੰ ਜ਼ਮੀਨ ’ਤੇ ਪਿਆ ਦੇਖਿਆ। ਉਸ ਦੇ ਨੇੜੇ ਨੰਗੀਆਂ ਤਾਰਾਂ ਵੀ ਪਈਆਂ ਸਨ, ਜਿਨ੍ਹਾਂ ਰਾਹੀਂ ਕਥਿਤ ਤੌਰ ’ਤੇ ਉਸ ਨੂੰ ਕਰੰਟ ਲਗਾਇਆ ਗਿਆ। ਉਸ ਨੇ ਦੱਸਿਆ ਕਿ ਕੁਲਦੀਪ ਕੌਰ ਦੀ ਬਾਂਹ ’ਤੇ ਕਾਲੇ ਨਿਸ਼ਾਨ ਵੀ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੂੰ ਘਰ ਵਿੱਚ ਦਾਖਲ ਹੋਣ ਅਤੇ ਵਾਰਦਾਤ ਤੋਂ ਬਾਅਦ ਬਾਹਰ ਨਿਕਲਣ ਵਾਲੇ ਦੋਵਾਂ ਸ਼ੱਕੀ ਵਿਅਕਤੀਆਂ ਦੀ CCTV ਫੁਟੇਜ ਮਿਲੀ ਹੈ। ਦੋਵਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਪੁਲਿਸ ਹੁਣ CCTV ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਅਤੇ ਭਾਲ ਵਿੱਚ ਜੁਟੀ ਹੋਈ ਹੈ। ਫੁਟੇਜ ਰਾਹੀਂ ਉਨ੍ਹਾਂ ਦੇ ਹੁਲੀਏ, ਵਰਤੀ ਗਈ ਬਾਈਕ ਅਤੇ ਵਾਰਦਾਤ ਤੋਂ ਬਾਅਦ ਫਰਾਰ ਹੋਣ ਦੇ ਰਸਤੇ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
Posted By: Daily Suraj Bureau