Mankirt Aulakh ਨੇ ਕਬੱਡੀ ਖਿਡਾਰਨਾਂ ਨਾਲ ਕੀਤਾ ਵਾਅਦਾ ਨਿਭਾਇਆ, ਪੜ੍ਹੋ ਵੇਰਵਾ
ਮੋਹਾਲੀ, ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਨੇ ਕਬੱਡੀ ਖਿਡਾਰਨਾਂ ਨਾਲ ਕੀਤਾ ਆਪਣਾ ਵਾਅਦਾ ਨਿਭਾ ਦਿੱਤਾ ਹੈ। ਮਨਕੀਰਤ ਔਲਖ ਨੇ ਆਪਣੇ ਵਾਅਦੇ ਅਨੁਸਾਰ ਕਬੱਡੀ ਖਿਡਾਰਨਾਂ ਨੂੰ ਵਿਆਹ ‘ਤੇ ਕਾਰਾਂ ਦਿੱਤੀਆਂ ਹਨ। ਦੱਸ ਦਈਏ ਕਿ ਗਾਇਕ ਨੇ ਪੰਜਾਬ ‘ਚ ਹੜ੍ਹ ਦੌਰਾਨ ਇਨ੍ਹਾਂ ਖਿਡਾਰਨਾਂ ਨਾਲ ਵਾਅਦਾ ਕੀਤਾ ਸੀ। ਮਨਕੀਰਤ ਔਲਖ, ਰੂਪਾ ਸੁਹਾਣਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੋਹਾਲੀ ਦੇ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਵਿਖੇ ਇਨ੍ਹਾਂ ਕਬੱਡੀ ਖਿਡਾਰਨਾਂ ਨੂੰ ਸਵਿਫਟ ਕਾਰ ਦਿੱਤੀ ਗਈ ਅਤੇ ਨਾਲ ਹੀ ਇੱਕ ਕਬੱਡੀ ਖਿਡਾਰੀ ਨੂੰ ਵੀ ਆਈ-20 ਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਮਨਕੀਰਤ ਔਲਖ ਨੇ ਕਬੱਡੀ ਖਿਡਾਰਨਾਂ ਰਾਜਨਦੀਪ ਸ਼ਰਮਾ ਅਤੇ ਜਸ ਸ਼ਰਮਾ ਨੂੰ ਸਵਿਫਟ ਕਾਰ ਤੋਹਫ਼ੇ ਵਜੋਂ ਦਿੱਤੀ ਹੈ। ਉੱਥੇ ਹੀ, ਕਬੱਡੀ ਖਿਡਾਰੀ ਜੁਝਾਰ ਸਿੰਘ ਨੂੰ ਆਈ-20 (i-20) ਕਾਰ ਦਿੱਤੀ ਹੈ। 2025 ਵਿੱਚ ਆਏ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਟਰੈਕਟਰ ਅਤੇ ਘਰ ਬਣਾਉਣ ਲਈ ਪੈਸੇ ਵੰਡੇ ਸਨ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਉਹ ਪੰਜਾਬੀਆਂ ਦੀ ਹਰ ਪੱਖੋਂ ਸੰਭਵ ਮਦਦ ਕਰਨਗੇ। ਇਸ ਦੌਰਾਨ, ਮਾਨਸਾ ਦੀਆਂ ਕੁੜੀਆਂ, ਜੋ ਕਿ ਕਬੱਡੀ ਖਿਡਾਰਨਾਂ ਸਨ, ਨੇ ਇੱਕ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਰਾਹੀਂ ਮਦਦ ਦੀ ਅਪੀਲ ਕੀਤੀ ਸੀ ਅਤੇ ਆਪਣੇ ਘਰ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ, ਜੋ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਫਿਰ ਮਨਕੀਰਤ ਔਲਖ ਨੇ ਉਸਦੇ ਇਲਾਕੇ ਦਾ ਦੌਰਾ ਕੀਤਾ ਅਤੇ ਉਸਦੇ ਘਰ ਨੂੰ ਦੁਬਾਰਾ ਬਣਾਉਣ ਲਈ ਲਗਭਗ 5 ਲੱਖ ਰੁਪਏ ਦੀ ਮਦਦ ਕੀਤੀ ਸੀ ਅਤੇ ਵਿਆਹ ਲਈ ਉਨ੍ਹਾਂ ਨੂੰ ਇੱਕ ਕਾਰ ਦੇਣ ਦਾ ਵਾਅਦਾ ਵੀ ਕੀਤਾ ਸੀ, ਜਿਸ ਨੂੰ ਹੁਣ ਉਸਨੇ ਪੂਰਾ ਕਰ ਦਿੱਤਾ ਹੈ।
Posted By: Daily Suraj Bureau