Daily Suraj

ਪੰਜਾਬੀ

ਹੈਂਟਾਵਾਇਰਸ ਦੇ ਖਤਰੇ ਕਾਰਨ ਰੋਟਰਡੈਮ ਪਹੁੰਚਿਆ ਕਰੂਜ਼ ਸ਼ਿਪ, ਸੈਨਿਟਾਈਜ਼ੇਸ਼ਨ ਦੀ ਤਿਆਰੀ ਸ਼ੁਰੂ

19 May, 2026 04:52 PM

ਲੰਬੀ ਸਮੁੰਦਰੀ ਯਾਤਰਾ ਪੂਰੀ ਕਰਨ ਤੋਂ ਬਾਅਦ MV Hondius ਕਰੂਜ਼ ਸ਼ਿਪ ਨੀਦਰਲੈਂਡਜ਼ ਦੇ ਪੋਰਟ ਆਫ਼ ਰੋਟਰਡੈਮ ਬੰਦਰਗਾਹ ’ਤੇ ਪਹੁੰਚ ਗਿਆ ਹੈ, ਜਿੱਥੇ ਹੈਂਟਾਵਾਇਰਸ ਦੇ ਖਤਰੇ ਕਾਰਨ ਜਹਾਜ਼ ਨੂੰ ਕੀਟਾਣੂ-ਮੁਕਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਸੋਮਵਾਰ ਸਵੇਰੇ ਜਦੋਂ ਜਹਾਜ਼ ਰੋਟਰਡੈਮ ਪਹੁੰਚਿਆ, ਉਸ ਵੇਲੇ ਇਸ ਵਿੱਚ 25 ਚਾਲਕ ਦਲ ਦੇ ਮੈਂਬਰ ਅਤੇ ਦੋ ਮੈਡੀਕਲ ਕਰਮਚਾਰੀ ਮੌਜੂਦ ਸਨ। ਜਾਣਕਾਰੀ ਅਨੁਸਾਰ ਜਹਾਜ਼ ’ਤੇ ਹੈਂਟਾਵਾਇਰਸ ਦੇ ਘੱਟੋ-ਘੱਟ 11 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 9 ਦੀ ਪੁਸ਼ਟੀ ਵਿਸ਼ਵ ਸਿਹਤ ਸੰਸਥਾ (WHO) ਵੱਲੋਂ ਕੀਤੀ ਗਈ ਹੈ। ਮਾਹਿਰਾਂ ਮੁਤਾਬਕ ਹੈਂਟਾਵਾਇਰਸ ਆਮ ਤੌਰ ’ਤੇ ਚੂਹਿਆਂ ਦੇ ਮਲ-ਮੂਤਰ ਦੇ ਕਣਾਂ ਰਾਹੀਂ ਹਵਾ ਵਿੱਚ ਫੈਲਦਾ ਹੈ। ਇਹ ਵਾਇਰਸ ਮਨੁੱਖਾਂ ਵਿੱਚ ਫੇਫੜਿਆਂ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਪੈਦਾ ਕਰ ਸਕਦਾ ਹੈ ਅਤੇ ਕਈ ਵਾਰ ਜਾਨਲੇਵਾ ਵੀ ਸਾਬਤ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਦਾ ਕੋਈ ਖਾਸ ਇਲਾਜ ਉਪਲਬਧ ਨਹੀਂ ਹੈ ਅਤੇ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ਵਰਗੀ ਸਹਾਇਕ ਸਿਹਤ ਸੇਵਾ ਦੀ ਲੋੜ ਪੈ ਸਕਦੀ ਹੈ। ਇਹ ਕਰੂਜ਼ ਮਾਰਚ ਮਹੀਨੇ ਵਿੱਚ ਉਸ਼ੂਆਇਆ ਤੋਂ ਰਵਾਨਾ ਹੋਇਆ ਸੀ। ਯਾਤਰਾ ਦੌਰਾਨ ਜਹਾਜ਼ ਨੇ ਅੰਟਾਰਕਟਿਕਾ, ਫਾਕਲੈਂਡ ਟਾਪੂ, ਸਾਊਥ ਜੌਰਜੀਆ, ਨਾਈਟਿੰਗੇਲ ਟਾਪੂ, ਟ੍ਰਿਸਟਨ, ਸੇਂਟ ਹੈਲੇਨਾ ਅਤੇ ਅਸੈਨਸ਼ਨ ਟਾਪੂਆਂ ਦਾ ਦੌਰਾ ਕੀਤਾ। ਇਹ ਯਾਤਰਾ ਖਾਸ ਤੌਰ ’ਤੇ ਅੰਟਾਰਕਟਿਕਾ ਦੇ ਕੁਦਰਤੀ ਨਜ਼ਾਰਿਆਂ ਦੇ ਦਰਸ਼ਨ ਲਈ ਕਰਵਾਈ ਗਈ ਸੀ ਅਤੇ ਟਿਕਟਾਂ ਦੀ ਕੀਮਤ 14 ਹਜ਼ਾਰ ਤੋਂ 22 ਹਜ਼ਾਰ ਯੂਰੋ ਤੱਕ ਸੀ। ਇਸ ਬਿਮਾਰੀ ਕਾਰਨ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਇੱਕ ਡੱਚ ਜੋੜਾ ਅਤੇ ਇੱਕ ਜਰਮਨ ਨਾਗਰਿਕ ਸ਼ਾਮਲ ਹਨ। ਜਹਾਜ਼ ਚਲਾਉਣ ਵਾਲੀ ਕੰਪਨੀ Oceanwide Expeditions ਨੇ ਕਿਹਾ ਹੈ ਕਿ ਇਸ ਘਟਨਾ ਦੇ ਬਾਵਜੂਦ ਉਸਦੇ ਭਵਿੱਖ ਦੇ ਸੰਚਾਲਨ ’ਤੇ ਕਿਸੇ ਵੱਡੇ ਪ੍ਰਭਾਵ ਦੀ ਸੰਭਾਵਨਾ ਨਹੀਂ ਹੈ। ਕੰਪਨੀ ਦਾ ਅਗਲਾ ਆਰਕਟਿਕ ਕਰੂਜ਼ 29 ਮਈ ਨੂੰ ਕੇਫਲਾਵਿਕ ਤੋਂ ਰਵਾਨਾ ਹੋਣਾ ਨਿਰਧਾਰਤ ਹੈ। ਕੰਪਨੀ ਮੁਤਾਬਕ ਕਰੂਜ਼ ਜਹਾਜ਼ ’ਤੇ ਹੈਂਟਾਵਾਇਰਸ ਫੈਲਣ ਦਾ ਇਹ ਪਹਿਲਾ ਜਾਣਿਆ ਗਿਆ ਮਾਮਲਾ ਮੰਨਿਆ ਜਾ ਰਿਹਾ ਹੈ।

Posted By: Daily Suraj Bureau

Latest News