Daily Suraj

ਪੰਜਾਬੀ

ਭੱਠੇ ‘ਤੇ ਹੋਲੀ ਮਨਾ ਰਹੇ ਮਜ਼ਦੂਰਾਂ ਦਰਮਿਆਨ ਵਾਪਰੀ ਵਾਰਦਾਤ, ਪੁਲਿਸ ਨੇ ਜਾਂਚ ਸ਼ੁਰੂ ਕੀਤੀ

05 Mar, 2026 04:46 PM

ਧਰਮਕੋਟ ਦੇ ਨਜ਼ਦੀਕੀ ਪਿੰਡ ਜਲਾਲਾਬਾਦ ਪੂਰਬੀ ਵਿੱਚ ਸਥਿਤ ਇੱਕ ਇੱਟਾਂ ਦੇ ਭੱਠੇ ‘ਤੇ ਸਾਢੇ ਪੰਜ ਸਾਲ ਦੀ ਮਾਸੂਮ ਬੱਚੀ ਨਾਲ ਟਰੈਕਟਰ ਡਰਾਈਵਰ ਵੱਲੋਂ ਕਥਿਤ ਜ਼ਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੁੱਧਵਾਰ ਦੁਪਹਿਰ ਭੱਠੇ ‘ਤੇ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਹੋਲੀ ਦਾ ਤਿਉਹਾਰ ਮਨਾ ਰਹੇ ਸਨ। ਪੀੜਤ ਬੱਚੀ ਦੇ ਪਿਤਾ ਕਾਲਾ ਰਾਮ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਕੋਟਕਪੂਰਾ ਨਾਮੀ ਭੱਠੇ ‘ਤੇ ਮਜ਼ਦੂਰੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ ਦੇ ਸਮੇਂ ਜਦੋਂ ਸਾਰੇ ਲੋਕ ਘਰ ਤੋਂ ਬਾਹਰ ਤਿਉਹਾਰ ਮਨਾ ਰਹੇ ਸਨ ਤਾਂ ਮੌਕੇ ਦਾ ਫਾਇਦਾ ਚੁੱਕਦਿਆਂ ਭੱਠੇ ਦਾ ਟਰੈਕਟਰ ਡਰਾਈਵਰ ਛੋਟੂ ਘਰ ਆ ਗਿਆ। ਉਸ ਨੇ ਖੇਡ ਰਹੀ ਬੱਚੀ ਨੂੰ ਫੁਸਲਾ ਕੇ ਟਰੈਕਟਰ ‘ਤੇ ਬਿਠਾਇਆ ਅਤੇ ਨੇੜਲੇ ਖੇਤਾਂ ਵਿੱਚ ਲੈ ਗਿਆ। ਦੋਸ਼ ਹੈ ਕਿ ਉੱਥੇ ਮੋਟਰ ਦੀ ਕੋਠੀ ਵਿੱਚ ਬੱਚੀ ਨਾਲ ਕਥਿਤ ਤੌਰ ‘ਤੇ ਜ਼ਿਨਸੀ ਸ਼ੋਸ਼ਣ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਘਰ ਵਾਪਸ ਆਏ ਤਾਂ ਬੱਚੀ ਉੱਥੇ ਮੌਜੂਦ ਨਹੀਂ ਸੀ। ਭਾਲ ਕਰਨ ‘ਤੇ ਬੱਚੀ ਖੇਤਾਂ ਵਿੱਚ ਮੋਟਰ ਦੇ ਸਾਹਮਣੇ ਨਗਨ ਹਾਲਤ ਵਿੱਚ ਮਿਲੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀਐਸਪੀ ਜਸਵਰਿੰਦਰ ਸਿੰਘ, ਥਾਣਾ ਮੁਖੀ ਲਛਮਣ ਸਿੰਘ ਅਤੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਪੁਲਿਸ ਅਧਿਕਾਰੀਆਂ ਨੇ ਪਰਿਵਾਰ ਨੂੰ ਨਾਲ ਲੈ ਕੇ ਬੀਤੀ ਸ਼ਾਮ ਪੀੜਤ ਬੱਚੀ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਭਰਤੀ ਕਰਵਾਇਆ, ਜਿੱਥੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਡੀਐਸਪੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਟਰੈਕਟਰ ਡਰਾਈਵਰ ਛੋਟੂ ਰਾਮ ਵਿਰੁੱਧ ਬੱਚੀ ਦੇ ਪਿਤਾ ਕਾਲਾ ਰਾਮ ਦੇ ਬਿਆਨਾਂ ਦੇ ਆਧਾਰ ‘ਤੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਲਛਮਣ ਸਿੰਘ ਮੁਤਾਬਕ ਦੋਸ਼ੀ ਦੀ ਭਾਲ ਜਾਰੀ ਹੈ ਅਤੇ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਇਹ ਵੀ ਦੱਸਿਆ ਕਿ ਭੱਠੇ ਦਾ ਟਰੈਕਟਰ ਡਰਾਈਵਰ ਵੀ ਪਰਵਾਸੀ ਮਜ਼ਦੂਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Posted By: Daily Suraj Bureau

Latest News