Daily Suraj

ਪੰਜਾਬੀ

ਸਪੇਨ ਵਿੱਚ 25 ਸਾਲਾ ਮਹਿਲਾ ਨੂੰ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਮਿਲੀ ਇੱਛਾ ਮੌਤ ਦੀ ਮਨਜ਼ੂਰੀ

28 Mar, 2026 04:02 PM

ਸਪੇਨ ਵਿੱਚ 25 ਸਾਲਾ ਮਹਿਲਾ ਨੋਏਲੀਆ ਕੈਸਟੀਲੋ ਨੇ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਵੀਰਵਾਰ ਨੂੰ ਇੱਛਾ ਮੌਤ ਰਾਹੀਂ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਇਸ ਮਾਮਲੇ ਵਿੱਚ ਉਸਨੂੰ ਆਪਣੇ ਪਿਤਾ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਇਹ ਮਾਮਲਾ ਅਦਾਲਤਾਂ ਤੱਕ ਪਹੁੰਚ ਗਿਆ ਸੀ। ਬਾਰਸੀਲੋਨਾ ਦੀ ਰਹਿਣ ਵਾਲੀ ਨੋਏਲੀਆ ਨਾਲ 2022 ਵਿੱਚ ਤਿੰਨ ਨੌਜਵਾਨਾਂ ਵੱਲੋਂ ਬਲਾਤਕਾਰ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਉਸਨੇ ਖੁਦਕੁਸ਼ੀ ਦੀ ਕੋਸ਼ਿਸ਼ ਕਰਦਿਆਂ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹਾਲਾਂਕਿ ਉਹ ਬਚ ਗਈ, ਪਰ ਉਸਦੀ ਰੀੜ੍ਹ ਦੀ ਹੱਡੀ ਨੂੰ ਭਾਰੀ ਨੁਕਸਾਨ ਪਹੁੰਚਿਆ, ਜਿਸ ਕਾਰਨ ਉਹ ਕਮਰ ਤੋਂ ਹੇਠਾਂ ਤੱਕ ਅਧਰੰਗੀ ਹੋ ਗਈ। ਇਸ ਤੋਂ ਬਾਅਦ ਉਹ ਲਗਾਤਾਰ ਸਰੀਰਕ ਦਰਦ ਅਤੇ ਮਾਨਸਿਕ ਤਣਾਅ ਨਾਲ ਜੂਝ ਰਹੀ ਸੀ। ਨੋਏਲੀਆ ਨੇ 2024 ਵਿੱਚ ਇੱਛਾ ਮੌਤ ਲਈ ਅਰਜ਼ੀ ਦਿੱਤੀ, ਜਿਸਨੂੰ ਕੈਟਾਲੋਨੀਆ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਸੀ। ਪਰ ਆਖਰੀ ਪੜਾਅ ‘ਤੇ ਉਸਦੇ ਪਿਤਾ ਨੇ ਅਦਾਲਤ ਵਿੱਚ ਅਪੀਲ ਦਾਇਰ ਕਰਕੇ ਇਸ ਪ੍ਰਕਿਰਿਆ ਨੂੰ ਰੋਕ ਦਿੱਤਾ। ਉਸਦੇ ਪਿਤਾ ਨਾਲ ਨਾਲ ਇੱਕ ਅਤਿ-ਰੂੜੀਵਾਦੀ ਸਮੂਹ ‘ਈਸਾਈ ਵਕੀਲਾਂ’ ਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਨੋਏਲੀਆ ਦੀ ਮਾਨਸਿਕ ਹਾਲਤ ਇਸ ਤਰ੍ਹਾਂ ਦਾ ਫੈਸਲਾ ਕਰਨ ਲਈ ਉਚਿਤ ਨਹੀਂ ਸੀ। ਇਸ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਗਿਆ ਅਤੇ ਲਗਭਗ ਡੇਢ ਸਾਲ ਤੱਕ ਵੱਖ-ਵੱਖ ਅਦਾਲਤਾਂ ਵਿੱਚ ਸੁਣਵਾਈ ਚੱਲਦੀ ਰਹੀ। ਇਸ ਦੌਰਾਨ ਡਾਕਟਰਾਂ ਅਤੇ ਮਾਹਰਾਂ ਨੇ ਰਿਪੋਰਟਾਂ ਵਿੱਚ ਕਿਹਾ ਕਿ ਨੋਏਲੀਆ ਦੀ ਸਥਿਤੀ ਬਹੁਤ ਗੰਭੀਰ ਹੈ, ਉਹ ਲਗਾਤਾਰ ਦਰਦ ਸਹਿੰਦੀ ਰਹੀ ਹੈ ਅਤੇ ਉਸਦੇ ਠੀਕ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਇੱਕ ਸਰਕਾਰੀ ਏਜੰਸੀ ਨੇ ਵੀ ਉਸਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਸੀ। ਇਸ ਦੇ ਬਾਵਜੂਦ ਉਸਦੇ ਪਿਤਾ ਵੱਲੋਂ ਚੁਣੌਤੀ ਜਾਰੀ ਰਹੀ ਅਤੇ ਮਾਮਲਾ ਆਖ਼ਰਕਾਰ ਯੂਰਪੀਅਨ ਕੋਰਟ ਆਫ ਹਿਊਮਨ ਰਾਈਟਸ ਤੱਕ ਪਹੁੰਚ ਗਿਆ। ਅਦਾਲਤ ਨੇ ਇਹ ਜਾਂਚ ਕੀਤੀ ਕਿ ਕੀ ਨੋਏਲੀਆ ਆਪਣਾ ਫੈਸਲਾ ਖੁਦ ਲੈਣ ਦੇ ਯੋਗ ਹੈ, ਕੀ ਉਹ ਕਿਸੇ ਦਬਾਅ ਹੇਠ ਹੈ ਅਤੇ ਕੀ ਉਸਦੀ ਅਰਜ਼ੀ ਕਾਨੂੰਨੀ ਤੌਰ ‘ਤੇ ਠੀਕ ਹੈ। ਸਾਰੇ ਪੱਖਾਂ ਦੀ ਸਮੀਖਿਆ ਕਰਨ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਕਿ ਉਸਨੂੰ ਆਪਣੀ ਜ਼ਿੰਦਗੀ ਬਾਰੇ ਫੈਸਲਾ ਕਰਨ ਦਾ ਪੂਰਾ ਅਧਿਕਾਰ ਹੈ। ਇਸ ਨਾਲ ਇੱਛਾ ਮੌਤ ਦੀ ਪ੍ਰਕਿਰਿਆ ਲਈ ਰਸਤਾ ਸਾਫ਼ ਹੋ ਗਿਆ। ਨੋਏਲੀਆ ਨੂੰ ਉਸਦੀ ਇੱਛਾ ਅਨੁਸਾਰ ਸਹਾਇਤਾ ਨਾਲ ਮੌਤ ਦੀ ਇਜਾਜ਼ਤ ਦਿੱਤੀ ਗਈ। ਇਸ ਪ੍ਰਕਿਰਿਆ ਵਿੱਚ ਤਿੰਨ ਟੀਕੇ ਦਿੱਤੇ ਗਏ, ਜਿਨ੍ਹਾਂ ਵਿੱਚੋਂ ਪਹਿਲੇ ਦੋ ਨੇ ਉਸਨੂੰ ਡੂੰਘੀ ਬੇਹੋਸ਼ੀ ਵਿੱਚ ਲੈ ਗਿਆ, ਜਦਕਿ ਤੀਜੇ ਟੀਕੇ ਨਾਲ ਉਸਦਾ ਦਿਲ ਧੜਕਣਾ ਬੰਦ ਹੋ ਗਿਆ। ਨੋਏਲੀਆ ਨੇ ਆਪਣੇ ਆਖਰੀ ਪਲਾਂ ਵਿੱਚ ਇਕੱਲੇ ਰਹਿਣ ਦੀ ਇੱਛਾ ਜਤਾਈ ਸੀ ਅਤੇ ਕਿਸੇ ਨੂੰ ਵੀ ਉਸ ਵੇਲੇ ਮੌਜੂਦ ਨਹੀਂ ਹੋਣ ਦਿੱਤਾ।

Posted By: Daily Suraj Bureau

Latest News