Daily Suraj

ਪੰਜਾਬੀ

ਟੈਕ ਸੈਕਟਰ ਨੂੰ ਵੱਡਾ ਝਟਕਾ, ਐਮਾਜ਼ੋਨ ਨੇ 16,000 ਕਰਮਚਾਰੀ ਕੱਢੇ

28 Jan, 2026 06:38 PM

ਐਮਾਜ਼ੋਨ ਨੇ ਅਮਰੀਕਾ ਵਿੱਚ ਰੁਜ਼ਗਾਰ ਦੀ ਰਫ਼ਤਾਰ ਸੁਸਤ ਹੋਣ ਕਾਰਨ ਲਿਆ ਗਿਆ ਫੈਸਲਾ Amazon layoffs: ਦੁਨੀਆ ਦੀ ਦਿੱਗਜ ਈ-ਕਾਮਰਸ ਕੰਪਨੀ ਐਮਾਜ਼ੋਨ (Amazon) ਨੇ ਆਪਣੇ ਖ਼ਰਚਿਆਂ ਵਿੱਚ ਕਟੌਤੀ ਕਰਨ ਲਈ ਲਗਭਗ 16,000 ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੈਥ ਗੈਲੇਟੀ ਨੇ ਬੁੱਧਵਾਰ ਨੂੰ ਇੱਕ ਬਲੌਗ ਪੋਸਟ ਰਾਹੀਂ ਇਸ ਦੀ ਪੁਸ਼ਟੀ ਕੀਤੀ। ਇਹ 2023 ਤੋਂ ਬਾਅਦ ਐਮਾਜ਼ੋਨ ( Amazon) ਦੀ ਸਭ ਤੋਂ ਵੱਡੀ ਛਾਂਟੀ ਹੈ। ਕੰਪਨੀ ਨੇ ਦੱਸਿਆ ਕਿ ਪ੍ਰਭਾਵਿਤ ਮੁਲਾਜ਼ਮਾਂ ਨੂੰ ਨਵੀਂ ਭੂਮਿਕਾ ਲੱਭਣ ਲਈ 90 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ ਅਤੇ ਅਸਫ਼ਲ ਰਹਿਣ ਵਾਲਿਆਂ ਨੂੰ ਸੇਵਰੈਂਸ ਪੇਅ (Severance Pay) ਅਤੇ ਸਿਹਤ ਬੀਮਾ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ ਵਿੱਚ ਵੀ ਕੰਪਨੀ ਨੇ 14,000 ਕਰਮਚਾਰੀ ਕੱਢੇ ਸਨ। ਮਾਹਿਰਾਂ ਅਨੁਸਾਰ, ਕੋਵਿਡ ਮਹਾਂਮਾਰੀ ਦੌਰਾਨ ਐਮਾਜ਼ੋਨ ਨੇ ਆਨਲਾਈਨ ਖਰੀਦਦਾਰੀ ਵਧਣ ਕਾਰਨ ਆਪਣੀ ਵਰਕਫੋਰਸ ਦੁੱਗਣੀ ਕਰ ਲਈ ਸੀ ਪਰ ਹੁਣ ਬਦਲਦੇ ਆਰਥਿਕ ਹਾਲਾਤਾਂ ਕਾਰਨ ਕੰਪਨੀ ਨੂੰ ਇਹ ਸਖ਼ਤ ਕਦਮ ਚੁੱਕਣੇ ਪੈ ਰਹੇ ਹਨ। ਅਮਰੀਕਾ ਵਿੱਚ ਵਧਦੀ ਮਹਿੰਗਾਈ, ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨਵੀਆਂ ਟੈਰਿਫ ਨੀਤੀਆਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਪ੍ਰਭਾਵ ਕਾਰਨ ਕਈ ਵੱਡੀਆਂ ਕੰਪਨੀਆਂ ਹੁਣ ਨਵੀਂ ਭਰਤੀ ਤੋਂ ਗੁਰੇਜ਼ ਕਰ ਰਹੀਆਂ ਹਨ। ਦਸੰਬਰ ਮਹੀਨੇ ਵਿੱਚ ਅਮਰੀਕਾ ਵਿੱਚ ਸਿਰਫ਼ 50,000 ਨਵੀਆਂ ਨੌਕਰੀਆਂ ਹੀ ਪੈਦਾ ਹੋਈਆਂ ਹਨ, ਜੋ ਕਿ ਬਾਜ਼ਾਰ ਵਿੱਚ ਛਾਈ ਸੁਸਤੀ ਦਾ ਵੱਡਾ ਸੰਕੇਤ ਹੈ।

Posted By: Daily Suraj Bureau

Latest News