Daily Suraj

ਪੰਜਾਬੀ

ਪਟਿਆਲਾ ‘ਚ ਕਿਸਾਨਾਂ ਵੱਲੋਂ ਮੀਂਹ ਰੋਕਣ ਲਈ ਮਾਤਾ ਕਾਲੀ ਦੇਵੀ ਮੰਦਰ ‘ਚ ਅਰਦਾਸ

20 Mar, 2026 03:16 PM

ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਰੁਕ-ਰੁਕ ਕੇ ਪੈ ਰਹੀ ਕਿਣਮਿਣ ਅਤੇ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਫਸਲਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਸ਼ੁੱਕਰਵਾਰ ਨੂੰ ਪਟਿਆਲਾ ਸਥਿਤ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਅਰਦਾਸ ਕੀਤੀ ਗਈ। ਜਾਣਕਾਰੀ ਅਨੁਸਾਰ, ਨਰਵਾਣਾ (ਹਰਿਆਣਾ) ਅਤੇ ਪਟਿਆਲਾ ਖੇਤਰ ਦੀ ਕਿਸਾਨ ਮਜ਼ਦੂਰ ਯੂਨੀਅਨ ਨਾਲ ਜੁੜੇ ਕਿਸਾਨ ਨਵਰਾਤਰੀ ਦੇ ਦੂਜੇ ਦਿਨ ਮਾਤਾ ਦੇ ਦਰ ‘ਤੇ ਨਤਮਸਤਕ ਹੋਣ ਲਈ ਲੰਬੀਆਂ ਕਤਾਰਾਂ ਵਿੱਚ ਖੜੇ ਦਿਖਾਈ ਦਿੱਤੇ। ਕਿਸਾਨਾਂ ਨੇ ਦੱਸਿਆ ਕਿ ਉਹ ਆਪਣੀ ਕਣਕ ਦੀ ਫਸਲ ਨੂੰ ਬੇਮੌਸਮੀ ਮੀਂਹ ਤੋਂ ਬਚਾਉਣ ਲਈ ਅਰਦਾਸ ਕਰਨ ਆਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਾਲੀਆ ਮੌਸਮੀ ਬਦਲਾਅ ਕਾਰਨ ਪੈ ਰਹੇ ਮੀਂਹ ਅਤੇ ਤੇਜ਼ ਹਵਾਵਾਂ ਨਾਲ ਫਸਲਾਂ ਵਿੱਛ ਗਈਆਂ ਹਨ, ਜਿਸ ਨਾਲ ਪੈਦਾਵਾਰ ਅਤੇ ਝਾੜ ‘ਤੇ ਅਸਰ ਪੈਣ ਦਾ ਡਰ ਵਧ ਗਿਆ ਹੈ। ਇਸ ਸਥਿਤੀ ਕਾਰਨ ਕਿਸਾਨ ਗੰਭੀਰ ਚਿੰਤਾ ਵਿੱਚ ਹਨ। ਮੌਸਮ ਵਿਭਾਗ ਦੀਆਂ ਤਾਜ਼ਾ ਰਿਪੋਰਟਾਂ ਮੁਤਾਬਕ ਪੱਛਮੀ ਗੜਬੜੀ ਦੇ ਪ੍ਰਭਾਵ ਹੇਠ ਅਗਲੇ ਛੇ ਤੋਂ ਅੱਠ ਘੰਟਿਆਂ ਵਿੱਚ ਮੁੜ ਬੱਦਲ ਛਾਅ ਸਕਦੇ ਹਨ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਮੌਸਮੀ ਪ੍ਰਣਾਲੀ ਦੇ ਚਲਦੇ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਦੁਪਹਿਰ ਤੱਕ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।

Posted By: Daily Suraj Bureau

Latest News