Daily Suraj

ਪੰਜਾਬੀ

ਪ੍ਰਧਾਨ ਮੰਤਰੀ ਕਰਨਗੇ ਹਲਵਾਰਾ ਏਅਰਪੋਰਟ ਦਾ ਉਦਘਾਟਨ, ਖੇਤਰ ਨੂੰ ਮਿਲੇਗੀ ਵੱਡੀ ਸੌਗਾਤ

28 Jan, 2026 05:10 PM

ਮੁੱਖ ਮੰਤਰੀ ਮਾਨ ਨੇ ਤਿਆਰੀਆਂ ਲਈ ਚੰਡੀਗੜ੍ਹ ’ਚ ਸੱਦੀ ਅਹਿਮ ਮੀਟਿੰਗ ਕਈ ਸਾਲਾਂ ਦੀ ਉਡੀਕ ਅਤੇ ਦਰਜਨ ਤੋਂ ਵੱਧ ਡੈੱਡਲਾਈਨਾਂ ਲੰਘਣ ਤੋਂ ਬਾਅਦ, ਲੁਧਿਆਣਾ ਦਾ ਹਲਵਾਰਾ ਕੌਮਾਂਤਰੀ ਹਵਾਈ ਅੱਡਾ ਆਖਰਕਾਰ ਉਦਘਾਟਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ, 2026 ਨੂੰ ਵਰਚੁਅਲ ਤਰੀਕੇ ਨਾਲ ਇਸ ਦਾ ਉਦਘਾਟਨ ਕਰਨਗੇ। ਇਸ ਇਤਿਹਾਸਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਭਲਕੇ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਸੱਦੀ ਹੈ। ਹਾਲਾਂਕਿ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਉਡਾਣਾਂ ਮਾਰਚ 2026 ਤੋਂ ਸ਼ੁਰੂ ਹੋਣ ਦਾ ਐਲਾਨ ਕੀਤਾ ਸੀ ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਹਵਾਈ ਅੱਡੇ ਦਾ ਉਦਘਾਟਨ ਉਡਾਣਾਂ ਸ਼ੁਰੂ ਹੋਣ ਦੀ ਨਿਰਧਾਰਿਤ ਮਿਤੀ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਸਾਲ 2022 ਤੋਂ ਫੰਡਾਂ ਦੀ ਘਾਟ ਅਤੇ ਭਾਰਤੀ ਹਵਾਈ ਸੈਨਾ ਦੇ ਰਨਵੇਅ ਦੇ ਕੰਮ ਕਾਰਨ ਲਗਾਤਾਰ ਪੱਛੜਦਾ ਰਿਹਾ ਹੈ। ਜੂਨ 2022 ਤੋਂ ਲੈ ਕੇ ਮਾਰਚ 2024 ਤੱਕ ਕਈ ਵਾਰ ਇਸ ਦੀਆਂ ਤਰੀਕਾਂ ਬਦਲੀਆਂ ਗਈਆਂ। ਹੁਣ ਇਸ ਦੇ ਮੁਕੰਮਲ ਹੋਣ ਨਾਲ ਲੁਧਿਆਣਾ ਦੇ ਉਦਯੋਗਪਤੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ‘ਵਰਲਡ MSME ਫੋਰਮ’ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕੇਂਦਰ ਅਤੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਉਦਯੋਗ ਜਗਤ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਸਫ਼ਰ ਦੇ ਸਮੇਂ ਦੀ ਬਚਤ ਹੋਵੇਗੀ। ਇਹ ਹਵਾਈ ਅੱਡਾ ਨਾ ਸਿਰਫ਼ ਲੁਧਿਆਣਾ, ਸਗੋਂ ਪੂਰੇ ਮਾਲਵਾ ਖੇਤਰ ਦੇ ਆਰਥਿਕ ਵਿਕਾਸ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ।

Posted By: Daily Suraj Bureau

Latest News