Daily Suraj

ਪੰਜਾਬੀ

ਅਮਰੀਕੀ ਰਾਸ਼ਟਰਪਤੀ ਦਾ ਸਤਿਕਾਰ ਹੈ, ਪਰ ਨਵੀਂ ਦਿੱਲੀ ਨੇ ਵਿਚੋਲਗੀ ਲਈ ਨਹੀਂ ਕਿਹਾ: ਥਰੂਰ

05 Jun, 2025 10:09 PM

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ-ਪਾਕਿ ਫੌਜੀ ਟਕਰਾਅ ਖ਼ਤਮ ਕਰਨ ਲਈ ਵਿਚੋਲਗੀ ਕਰਨ ਦੇ ਵਾਰ-ਵਾਰ ਕੀਤੇ ਜਾਂਦੇ ਦਾਅਵਿਆਂ ਦਰਮਿਆਨ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਰਤ ਅਮਰੀਕੀ ਰਾਸ਼ਟਰਪਤੀ ਦਾ ਬਹੁਤ ਸਤਿਕਾਰ ਕਰਦਾ ਹੈ ਪਰ ਨਵੀਂ ਦਿੱਲੀ ਨੇ ‘ਕਦੇ ਵੀ ਕਿਸੇ ਨੂੰ ਵਿਚੋਲਗੀ ਲਈ ਨਹੀਂ ਕਿਹਾ’। Operation Sindoor ਬਾਰੇ ਜਾਣੂ ਕਰਵਾਉਣ ਲਈ ਪੁੱਜੇ ਸਰਬ ਪਾਰਟੀ ਸੰਸਦੀ ਵਫ਼ਦ ਦੇ ਆਗੂ ਥਰੂਰ ਨੇ ਅਮਰੀਕਾ ਦੇ ਸਰਕਾਰੀ ਅਧਿਕਾਰੀਆਂ ਤੇ ਕਾਨੂੰਨਸਾਜ਼ਾਂ ਨਾਲ ਬੈਠਕਾਂ ਦੇ ਦੌਰ ਮਗਰੋਂ ਨੈੈਸ਼ਨਲ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਅਸੀਂ ਅਮਰੀਕੀ ਰਾਸ਼ਟਰਪਤੀ ਦਾ ਬਹੁਤ ਸਤਿਕਾਰ ਕਰਦੇ ਹਾਂ। ਅਸੀਂ ਆਪਣੇ ਲਈ ਸਿਰਫ਼ ਇਹੀ ਕਹਿ ਸਕਦੇ ਹਾਂ ਕਿ ਅਸੀਂ ਕਦੇ ਵੀ ਕਿਸੇ ਨੂੰ ਵਿਚੋਲਗੀ ਕਰਨ ਲਈ ਨਹੀਂ ਕਹਿਣਾ ਚਾਹੁੰਦੇ ਸੀ।’’

ਥਰੂਰ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਨੂੰ ਪਾਕਿਸਤਾਨੀਆਂ ਵਰਗੀ ਭਾਸ਼ਾ ਬੋਲਣ ਵਿੱਚ ਕੋਈ ਮੁਸ਼ਕਲ ਨਹੀਂ ਹੈ। ਉਨ੍ਹਾਂ ਕਿਹਾ, ‘‘ਜਿੰਨਾ ਚਿਰ ਉਹ ਅਤਿਵਾਦ ਦੀ ਭਾਸ਼ਾ ਵਰਤਦੇ ਹਨ, ਅਸੀਂ ਤਾਕਤ ਦੀ ਭਾਸ਼ਾ ਵਰਤਾਂਗੇ। ਇਸ ਲਈ ਕਿਸੇ ਤੀਜੀ ਧਿਰ ਦੀ ਲੋੜ ਨਹੀਂ ਹੈ।’’ ਸੰਸਦ ਮੈਂਬਰਾਂ ਦੇ ਵਫ਼ਦ ਵਿਚ ਸਰਫਰਾਜ਼ ਅਹਿਮਦ, ਗੰਤੀ ਹਰੀਸ਼ ਮਧੁਰ ਬਾਲਯੋਗੀ, ਸ਼ਸ਼ਾਂਕ ਮਨੀ ਤ੍ਰਿਪਾਠੀ, ਭੁਵਨੇਸ਼ਵਰ ਕਲਿਤਾ, ਮਿਲਿੰਦ ਦਿਓੜਾ, ਤੇਜਸਵੀ ਸੂਰਿਆ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸੰਧੂ ਸ਼ਾਮਲ ਹਨ। ਵਫ਼ਦ 24 ਮਈ ਨੂੰ ਭਾਰਤ ਤੋਂ ਨਿਊਯਾਰਕ ਪਹੁੰਚਿਆ ਸੀ ਅਤੇ ਵਾਸ਼ਿੰਗਟਨ ਪਹੁੰਚਣ ਤੋਂ ਪਹਿਲਾਂ ਗੁਯਾਨਾ, ਪਨਾਮਾ, ਕੋਲੰਬੀਆ ਅਤੇ ਬ੍ਰਾਜ਼ੀਲ ਦੀ ਯਾਤਰਾ ਕਰ ਚੁੱਕਾ ਹੈ।

#ShashiTharoor #IndiaUSRelations #Diplomacy #NoMediation #ForeignPolicy #IndiaStatement #RespectForPresident #GlobalPolitics #NewDelhi #InternationalAffairs


Posted By: Daily Suraj Bureau

Latest News