Daily Suraj

ਪੰਜਾਬੀ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਾਕਿਸਤਾਨ ਸਰਕਾਰ ਨੂੰ ਹਦਾਇਤ: 'ਲਾਹੌਰ ਦੇ ਲਾਲ ਖੂਹ ਤੇ ਕੱਟੜੀ ਚੰਦੂ ਦਾ ਹੋਵੇ ਵਿਆਪਕ ਸਰਵੇਖਣ'

23 Sep, 2026 04:59 PM

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਇੱਕ ਰਸਮੀ ਪੱਤਰ ਭੇਜ ਕੇ ਲਾਹੌਰ ਦੇ ਅੰਦਰੂਨੀ ਸ਼ਹਿਰ ਵਿੱਚ ਸਥਿਤ ਸਿੱਖ ਇਤਿਹਾਸ ਨਾਲ ਸਬੰਧਤ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਅਤੇ ਸੇਵਾ-ਸੰਭਾਲ ਯਕੀਨੀ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਜਥੇਦਾਰ ਨੇ ਵਿਸ਼ੇਸ਼ ਤੌਰ 'ਤੇ ਲਾਹੌਰ ਅੰਦਰੂਨ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਜੁੜੇ ਇਤਿਹਾਸਕ ਅਸਥਾਨਾਂ 'ਲਾਲ ਖੂਹ' ਅਤੇ 'ਕੱਟੜੀ ਚੰਦੂ' ਦੀ ਮੌਜੂਦਾ ਸਥਿਤੀ ਦੀ ਨਿਰਪੱਖ ਜਾਂਚ ਕਰਵਾਉਣ ਲਈ ਕਿਹਾ ਹੈ।ਇਹ ਪੱਤਰ ਪਾਕਿਸਤਾਨੀ ਪੰਜਾਬ ਦੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੂੰ ਵੀ ਸੰਬੋਧਤ ਕੀਤਾ ਗਿਆ ਹੈ। ਜਥੇਦਾਰ ਗੜਗੱਜ ਨੇ ਸਪੱਸ਼ਟ ਕੀਤਾ ਕਿ ਇਸ ਪੱਤਰ ਦਾ ਮਕਸਦ ਕਿਸੇ ਸਰਕਾਰ ਜਾਂ ਸੰਸਥਾ 'ਤੇ ਦੋਸ਼ ਲਗਾਉਣਾ ਨਹੀਂ, ਸਗੋਂ ਲਾਹੌਰ ਦੀ ਉਸ ਸਾਂਝੀ ਇਤਿਹਾਸਕ ਵਿਰਾਸਤ ਵੱਲ ਧਿਆਨ ਦਿਵਾਉਣਾ ਹੈ ਜਿਸ ਨਾਲ ਸਿੱਖ ਇਤਿਹਾਸ ਦੇ ਅਹਿਮ ਅਧਿਆਇ ਜੁੜੇ ਹੋਏ ਹਨ।ਇਤਿਹਾਸਕ ਨਿਸ਼ਾਨੀਆਂ ਮਿਟਣ 'ਤੇ ਪ੍ਰਗਟਾਈ ਚਿੰਤਾਜਥੇਦਾਰ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਲਾਹੌਰ ਸਿੱਖ ਇਤਿਹਾਸ ਲਈ ਕੋਈ ਬਾਹਰੀ ਸਥਾਨ ਨਹੀਂ ਹੈ, ਸਗੋਂ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਸਾਹਿਬਾਨ ਦੀਆਂ ਯਾਦਾਂ ਅਤੇ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਦੀਆਂ ਭੌਤਿਕ ਨਿਸ਼ਾਨੀਆਂ ਮੌਜੂਦ ਰਹੀਆਂ ਹਨ। ਹਾਲਾਂਕਿ, ਸਮੇਂ ਦੇ ਬਦਲਾਅ, ਸ਼ਹਿਰੀ ਵਿਕਾਸ ਅਤੇ 1947 ਦੀ ਵੰਡ ਕਾਰਨ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਨਿਸ਼ਾਨੀਆਂ ਜਾਂ ਤਾਂ ਮਿਟ ਚੁੱਕੀਆਂ ਹਨ ਜਾਂ ਆਪਣੀ ਮੂਲ ਸਥਿਤੀ ਵਿੱਚ ਨਹੀਂ ਹਨ। ਇਸ ਲਈ ਬਾਕੀ ਬਚੀਆਂ ਇਤਿਹਾਸਕ ਨਿਸ਼ਾਨੀਆਂ ਦੀ ਸੰਭਾਲ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ।ਉਨ੍ਹਾਂ ਲਹਿੰਦੇ ਪੰਜਾਬ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਸੁਚੱਜੇ ਰੱਖ-ਰਖਾਅ ਅਤੇ ਉਨ੍ਹਾਂ ਨੂੰ ਮੁੜ ਖੋਲ੍ਹਣ ਲਈ ਪਾਕਿਸਤਾਨ ਸਰਕਾਰ ਵੱਲੋਂ ਵਿਸ਼ੇਸ਼ ਫੰਡ ਜਾਰੀ ਕਰਨ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।ਉਸਾਰੀ 'ਤੇ ਰੋਕ ਅਤੇ ਮੁਕੰਮਲ ਜਾਂਚ ਦੀ ਮੰਗਸਿੱਖ ਸੰਗਤਾਂ ਵੱਲੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਜਥੇਦਾਰ ਨੇ ਦੱਸਿਆ ਕਿ ਲਾਲ ਖੂਹ ਅਤੇ ਕੱਟੜੀ ਚੰਦੂ ਅਸਥਾਨ ਦੇ ਆਸ-ਪਾਸ ਉਸਾਰੀ ਕਾਰਜ ਹੋਣ ਦੀਆਂ ਖ਼ਬਰਾਂ ਆਈਆਂ ਹਨ, ਜੋ ਕਿ ਸਿੱਖ ਜਗਤ ਲਈ ਗੰਭੀਰ ਚਿੰਤਾ ਦਾ ਦਾਅਵਾ ਹਨ। ਇਸ ਸਬੰਧੀ ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਹੇਠ ਲਿਖੇ ਅਹਿਮ ਸੁਝਾਅ ਦਿੱਤੇ ਹਨ:ਤੁਰੰਤ ਜਾਂਚ ਤੇ ਰੋਕ: ਲਾਲ ਖੂਹ ਤੇ ਕੱਟੜੀ ਚੰਦੂ ਸਥਾਨ ਦੀ ਮੌਜੂਦਾ ਹਾਲਤ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਜਾਂਚ ਮੁਕੰਮਲ ਹੋਣ ਤੱਕ ਉੱਥੇ ਚੱਲ ਰਹੀ ਕਿਸੇ ਵੀ ਕਿਸਮ ਦੀ ਉਸਾਰੀ ਜਾਂ ਬਦਲਾਅ ਨੂੰ ਤੁਰੰਤ ਰੋਕਿਆ ਜਾਵੇ।ਮਾਹਰਾਂ ਦੀ ਜਾਂਚ: 'ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ' (Walled City of Lahore Authority) ਅਤੇ ਪੁਰਾਤੱਤਵ ਵਿਭਾਗ ਦੇ ਮਾਹਰਾਂ ਰਾਹੀਂ ਇਸ ਸਥਾਨ ਦੀ ਇਤਿਹਾਸਕ ਮਹੱਤਤਾ ਦੀ ਪੜਤਾਲ ਕਰਵਾਈ ਜਾਵੇ।ਸਿੱਖ ਨੁਮਾਇੰਦਿਆਂ ਦੀ ਸ਼ਮੂਲੀਅਤ: ਜਾਂਚ ਕਮੇਟੀ ਵਿੱਚ ਸਿੱਖ ਇਤਿਹਾਸਕਾਰਾਂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇ।ਕਾਨੂੰਨੀ ਵਿਰਾਸਤੀ ਦਰਜਾ: ਇਤਿਹਾਸਕ ਮਹੱਤਤਾ ਸਾਬਤ ਹੋਣ 'ਤੇ ਇਸ ਸਥਾਨ ਨੂੰ ਕਾਨੂੰਨੀ ਤੌਰ 'ਤੇ ਸੁਰੱਖਿਅਤ ਵਿਰਾਸਤੀ ਅਸਥਾਨ ਵਜੋਂ ਦਰਜ ਕੀਤਾ ਜਾਵੇ।ਵਿਆਪਕ ਸਰਵੇਖਣ: ਲਾਹੌਰ ਦੇ ਅੰਦਰੂਨੀ ਸ਼ਹਿਰ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਸਾਰੇ ਪ੍ਰਮੁੱਖ ਸਥਾਨਾਂ ਦਾ ਵਿਆਪਕ ਵਿਰਾਸਤੀ ਸਰਵੇਖਣ ਕਰਵਾ ਕੇ ਉਨ੍ਹਾਂ ਦੀ ਮਲਕੀਅਤ ਅਤੇ ਕਾਨੂੰਨੀ ਸਥਿਤੀ ਦਾ ਅਧਿਕਾਰਤ ਰਿਕਾਰਡ ਤਿਆਰ ਕੀਤਾ ਜਾਵੇ।ਜਥੇਦਾਰ ਨੇ ਆਸ ਪ੍ਰਗਟਾਈ ਕਿ ਪਾਕਿਸਤਾਨ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਣਦੀ ਕਾਰਵਾਈ ਕਰੇਗੀ ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਾਂਝੀ ਕਰੇਗੀ।

Posted By: Daily Suraj Bureau

Latest News