ਲੰਮੇ ਸਮੇਂ ਤੋਂ ਸੈਕਟਰੀ ਤੋਂ ਸੱਖਣੀ ਮਾਨਸਾ ਦੀ ਮਾਰਕਿਟ ਕਮੇਟੀ — ਜਲਦ ਪੱਕੀ ਨਿਯੁਕਤੀ ਦੀ ਮੰਗ
(ਜਗਰਾਜ ਸਿੰਘ ਚਹਿਲ )ਜ਼ਿਲ੍ਹੇ ਦੀ ਸਭ ਤੋਂ ਵੱਡੀ ਮਾਰਕਿਟ ਕਮੇਟੀ ਲੰਮੇ ਸਮੇਂ ਤੋਂ ਪੱਕੇ ਸੈਕਟਰੀ ਤੋਂ ਵਾਂਝੀ ਚੱਲ ਰਹੀ ਹੈ, ਜਿਸ ਕਾਰਨ ਕਮੇਟੀ ਦੇ ਕੰਮਕਾਜ ਵਿੱਚ ਅਨੇਕਾਂ ਮੁਸ਼ਕਿਲਾਂ ਅਤੇ ਪ੍ਰਸ਼ਾਸਨਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਇਸ ਮਾਰਕਿਟ ਕਮੇਟੀ ਦਾ ਵਾਧੂ ਚਾਰਜ ਉਪ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਹੈ, ਪਰ ਜ਼ਿਲ੍ਹੇ ਦੀ ਵੱਡੀ ਅਤੇ ਮਹੱਤਵਪੂਰਨ ਕਮੇਟੀ ਹੋਣ ਦੇ ਬਾਵਜੂਦ ਇੱਥੇ ਪੱਕੇ ਸੈਕਟਰੀ ਦੀ ਨਿਯੁਕਤੀ ਨਾ ਹੋਣਾ ਚਿੰਤਾਜਨਕ ਹੈ।ਉਘੇ ਸਮਾਜ ਸੇਵੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ, ਆੜ੍ਹਤੀਆਂ, ਵਪਾਰੀਆਂ ਅਤੇ ਕਾਰੋਬਾਰੀਆਂ ਵਿਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੈ ਕਿ ਇੰਨੀ ਵੱਡੀ ਮਾਰਕਿਟ ਕਮੇਟੀ ਵਿੱਚ ਅਜੇ ਤੱਕ ਸੈਕਟਰੀ ਦੀ ਪੱਕੀ ਤਾਇਨਾਤੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦਕਿ ਹੋਰ ਕਈ ਮਾਰਕਿਟ ਕਮੇਟੀਆਂ ਵਿੱਚ ਸੈਕਟਰੀ ਨਿਯੁਕਤ ਹਨ, ਮਾਨਸਾ ਦੀ ਮਾਰਕਿਟ ਕਮੇਟੀ ਵਿੱਚ ਇਹ ਅਹੁਦਾ ਲੰਮੇ ਸਮੇਂ ਤੋਂ ਖਾਲੀ ਪਿਆ ਹੈ ਅਤੇ ਇਸ ਮਾਮਲੇ ਵੱਲ ਕੋਈ ਗੰਭੀਰ ਧਿਆਨ ਨਹੀਂ ਦਿੱਤਾ ਜਾ ਰਿਹਾ। ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ, ਜੋ ਲੰਬੇ ਸਮੇਂ ਲਈ ਉਚਿਤ ਨਹੀਂ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮਾਨਸਾ ਦੀ ਮਾਰਕਿਟ ਕਮੇਟੀ ਵਿੱਚ ਤੁਰੰਤ ਪੱਕੇ ਸੈਕਟਰੀ ਦੀ ਨਿਯੁਕਤੀ ਕੀਤੀ ਜਾਵੇ ਅਤੇ ਉੱਚ ਅਧਿਕਾਰੀਆਂ ਨੂੰ ਵਾਧੂ ਚਾਰਜ ਦੇ ਕੇ ਕੰਮ ਚਲਾਉਣ ਦੀ ਪ੍ਰਥਾ ਨੂੰ ਖਤਮ ਕੀਤਾ ਜਾਵੇ, ਤਾਂ ਜੋ ਕਮੇਟੀ ਦਾ ਕੰਮ ਸੁਚੱਜੇ ਢੰਗ ਨਾਲ ਚੱਲ ਸਕੇ।
Posted By: Daily Suraj Bureau