ਨਵੀਆਂ ਅਣਅਧਿਕਾਰਿਤ ਕਲੋਨੀਆਂ ‘ਤੇ ਚੱਲਿਆ ਪੀਲਾ ਪੰਜਾ
ਪੁੱਡਾ ਦੇ ਰੈਗੂਲੇਟਰੀ ਵਿੰਗ ਵੱਲੋਂ ਸਖ਼ਤ ਕਾਰਵਾਈ (ਆਰ.ਕੇ. ਸੋਨੀ) – ਪੰਜਾਬ ਸਰਕਾਰ ਦੇ ਸਖ਼ਤ ਹੁਕਮਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਵਿਕਾਸ ਅਥਾਰਟੀ (ਏਡੀਏ) ਵੱਲੋਂ ਅਣਅਧਿਕਾਰਿਤ ਕਲੋਨੀਆਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਇਸੇ ਤਹਿਤ ਤਰਨਤਾਰਨ ਰੋਡ ਉੱਤੇ ਪੈਂਦੇ ਪਿੰਡ ਚੱਬਾ ਵਿੱਚ ਵਿਕਸਿਤ ਹੋ ਰਹੀ ਇਕ ਗੈਰ-ਕਾਨੂੰਨੀ ਕਲੋਨੀ ‘ਤੇ ਬੁਲਡੋਜ਼ਰ ਚਲਾ ਕੇ ਉਸਨੂੰ ਢਾਹ ਦਿੱਤਾ ਗਿਆ। ਏਡੀਏ ਦੇ ਮੁੱਖ ਪ੍ਰਸ਼ਾਸਕ ਨਿਤੇਸ਼ ਕੁਮਾਰ ਜੈਨ (ਆਈ.ਏ.ਐਸ) ਅਤੇ ਵਧੀਕ ਮੁੱਖ ਪ੍ਰਸ਼ਾਸਕ ਸ੍ਰੀਮਤੀ ਇਨਾਯਤ (ਪੀ.ਸੀ.ਐਸ) ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਵਿੰਗ ਨੇ ਇਹ ਕਾਰਵਾਈ ਕੀਤੀ। ਜ਼ਿਲ੍ਹਾ ਟਾਊਨ ਪਲਾਨਰ ਸ੍ਰੀ ਅਮਰਿੰਦਜੀਤ ਸਿੰਘ ਨੇ ਦੱਸਿਆ ਕਿ ਪਾਪਰਾ ਐਕਟ-1995 ਤਹਿਤ ਪਹਿਲਾਂ ਹੀ ਇਸ ਕਲੋਨੀ ਨੂੰ ਨੋਟਿਸ ਜਾਰੀ ਕਰਕੇ ਕੰਮ ਰੋਕਣ ਲਈ ਕਿਹਾ ਗਿਆ ਸੀ, ਪਰ ਕਲੋਨੀ ਮਾਲਕਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਦਿਆਂ ਵਿਕਾਸ ਕੰਮ ਜਾਰੀ ਰੱਖੇ ਗਏ। ਇਸ ਦੇ ਚਲਦਿਆਂ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਡੈਮੋਲੀਸ਼ਨ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਲੋਨੀ ‘ਤੇ ਪਹਿਲਾਂ 5 ਜੂਨ 2025 ਨੂੰ ਵੀ ਕਾਰਵਾਈ ਹੋ ਚੁੱਕੀ ਸੀ, ਪਰ ਮਾਲਕਾਂ ਵੱਲੋਂ ਸ਼ਾਮਲਾਟ ਜ਼ਮੀਨ ‘ਤੇ ਮੁੜ ਕਬਜ਼ਾ ਕਰਕੇ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਕਾਰਨ ਹੁਣ ਦੁਬਾਰਾ ਢਾਹੁ ਕਾਰਵਾਈ ਕੀਤੀ ਗਈ ਹੈ। ਮਾਮਲੇ ਦੀ ਹੋਰ ਜਾਂਚ ਲਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਵੀ ਲਿਖਿਆ ਗਿਆ ਹੈ। ਨਾਲ ਹੀ ਕਲੋਨੀ ਡਿਵੈਲਪਰਾਂ ਅਤੇ ਜ਼ਮੀਨ ਮਾਲਕਾਂ ਖ਼ਿਲਾਫ਼ ਪੁਲਿਸ ਕਾਰਵਾਈ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਪਾਪਰਾ ਐਕਟ-1995 (ਸੋਧ 2024) ਅਧੀਨ ਅਣਅਧਿਕਾਰਿਤ ਕਲੋਨੀ ਕੱਟਣ ਵਾਲਿਆਂ ਨੂੰ 5 ਤੋਂ 10 ਸਾਲ ਦੀ ਕੈਦ ਅਤੇ 25 ਲੱਖ ਤੋਂ 5 ਕਰੋੜ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਏਡੀਏ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਪਲਾਟ ਦੀ ਖਰੀਦ ਤੋਂ ਪਹਿਲਾਂ ਪੁੱਡਾ ਤੋਂ ਮੰਜੂਰੀ ਜ਼ਰੂਰ ਚੈੱਕ ਕੀਤੀ ਜਾਵੇ ਅਤੇ ਅਣਅਧਿਕਾਰਿਤ ਕਲੋਨੀਆਂ ਤੋਂ ਦੂਰ ਰਹਿਆ ਜਾਵੇ। ਇਸ ਤੋਂ ਇਲਾਵਾ, ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨ ਤੋਂ ਪਹਿਲਾਂ ਸੰਬੰਧਿਤ ਵਿਭਾਗ ਤੋਂ ਲੋੜੀਂਦੀਆਂ ਮਨਜ਼ੂਰੀਆਂ ਲੈਣੀਆਂ ਲਾਜ਼ਮੀ ਹਨ।
Posted By: Daily Suraj Bureau